ਹੜ੍ਹਾਂ ਨੇ ਖੋਹਿਆ ਕਿਰਤੀ ਸਿੱਖ ਦਾ ਘਰ, ਸਿੱਖ ਸੇਵਕ ਸੁਸਾਇਟੀ ਨੇ ਬਣਾ ਕੇ ਦਿੱਤਾ ਨਵਾਂ ਆਸਰਾ
Thursday, Feb 12, 2026 - 06:10 PM (IST)
ਜਲੰਧਰ : ਮਿਹਨਤਕਸ਼ ਜੀਵਨ ਅਤੇ ਹੜਾਂ ਦੇ ਸੰਕਟ ਦੌਰਾਨ ਪੀੜਤਾਂ ਦੀ ਉਮੀਦ ਦੀ ਕਿਰਨ ਬਣ ਕੇ ਉੱਭਰੀ ਹੈ ਇੱਕ ਸਾਖੀ, ਜੋ ਸਿੱਖੀ ਦੇ ਸੇਵਾ-ਸਿਮਰਨ ਦੇ ਸਿਧਾਂਤਾਂ ਨੂੰ ਜੀਵੰਤ ਕਰਦੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦ ਕੋਲ ਵੱਸਦੇ ਪਿੰਡ ਚੋਂਤਰਾ ਵਿਚ ਰਹਿਣ ਵਾਲੇ ਰਛਪਾਲ ਸਿੰਘ ਜੋ ਇਕ ਆਮ ਕਿਰਤੀ ਅਤੇ ਰੇਹੜੀ ਉੱਤੇ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ, ਨੇ ਹੜਾਂ ਦੌਰਾਨ ਬੇਰਹਿਮ ਕੁਦਰਤੀ ਮਾਰ ਸਹਿਣੀ ਪਈ। ਬੀਤੇ ਸਮੇਂ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਉਨ੍ਹਾਂ ਦਾ ਘਰ ਤਬਾਹ ਹੋ ਗਿਆ ਸੀ। ਇਸ ਮੁਸੀਬਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਬੇਘਰ ਕਰ ਦਿੱਤਾ ਸੀ ਅਤੇ ਜੀਵਨ ਨੂੰ ਹੋਰ ਵੀ ਕਠਿਨ ਬਣਾ ਦਿੱਤਾ ਸੀ। ਰਛਪਾਲ ਸਿੰਘ ਦੇ ਪਰਿਵਾਰ ਵਿਚ ਤਿੰਨ ਧੀਆਂ ਅਤੇ ਇਕ ਪੁੱਤਰ ਹੈ। ਵੱਡੀ ਧੀ ਕਾਲਜ ਵਿਚ ਪੜ੍ਹ ਰਹੀ ਹੈ । ਵੱਡੀ ਧੀ ਦਾ ਸੁਫਨਾ ਪੁਲਸ ਅਫ਼ਸਰ ਬਣਨਾ ਹੈ ਅਤੇ ਪਰਿਵਾਰ ਦੇ ਇੱਕੋ-ਇੱਕ ਕਮਾਉਣ ਵਾਲੇ ਮੈਂਬਰ ਵਜੋਂ ਰਛਪਾਲ ਸਿੰਘ ਰੋਜ਼ਾਨਾ ਸਵੇਰੇ ਤੋਂ ਸ਼ਾਮ ਤੱਕ ਰੇਹੜੀ ਉੱਤੇ ਸਬਜ਼ੀ ਵੇਚਦੇ ਹਨ। ਉਨ੍ਹਾਂ ਦੀ ਮਿਹਨਤ ਅਤੇ ਲਗਨ ਵਾਲੀ ਜ਼ਿੰਦਗੀ ਵਿਚ ਹੜ੍ਹਾਂ ਨੇ ਇਕ ਵੱਡਾ ਝਟਕਾ ਦਿੱਤਾ ਸੀ। ਘਰ ਦੇ ਤਬਾਹ ਹੋਣ ਤੋਂ ਬਾਅਦ ਪੂਰਾ ਪਰਿਵਾਰ ਮੁਸੀਬਤਾਂ ਵਿੱਚ ਘਿਰ ਗਿਆ ਸੀ ਅਤੇ ਨਵੇਂ ਆਸਰੇ ਦੀ ਲੋੜ ਸੀ।
ਇਸ ਮੁਸ਼ਕਲ ਘੜੀ ਵਿਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਰਛਪਾਲ ਸਿੰਘ ਦੀ ਬਾਂਹ ਫੜੀ ਹੈ। ਸਿੱਖ ਸੇਵਕ ਸੁਸਾਇਟੀ ਸੰਗਤੀ ਅਦਾਰਾ ਹੈ, ਜੋ ਦਸਵੰਧ ਪ੍ਰਥਾ ਅਤੇ ਸੰਗਤ ਦੇ ਯੋਗਦਾਨ ਨਾਲ ਚੱਲਦਾ ਹੈ, ਗਰੀਬ ਅਤੇ ਕਿਰਤੀ ਸਿੱਖਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਸਿੱਖ ਸੇਵਕ ਸੁਸਾਇਟੀ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਰਛਪਾਲ ਸਿੰਘ ਨੂੰ ਇਕ ਨਵਾਂ ਮਕਾਨ ਬਣਾ ਕੇ ਦੇ ਰਹੇ ਹਨ। ਇਸ ਮਕਾਨ ਵਿਚ ਦੋ ਕਮਰੇ, ਇਕ ਰਸੋਈ ਅਤੇ ਵਾਸ਼ਰੂਮ ਸ਼ਾਮਲ ਹੋਣਗੇ, ਜਿਸ ਨਾਲ ਪਰਿਵਾਰ ਨੂੰ ਸੁਰੱਖਿਅਤ ਅਤੇ ਸੁਖਾਲਾ ਰਹਿਣ ਦਾ ਆਸਰਾ ਮਿਲੇਗਾ। ਇਥੇ ਕਾਰ ਸੇਵਾ ਦੋ ਮਹੀਨੇ ਤੋਂ ਜਾਰੀ ਹੈ। ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਕਿਹਾ, "ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਕੋਈ ਐਨਜੀਓ ਨਹੀਂ, ਸਗੋਂ ਸੰਗਤ ਦੇ ਪੈਸੇ ਅਤੇ ਦਸਵੰਧ ਨਾਲ ਚੱਲਣ ਵਾਲਾ ਸੇਵਾਦਾਰ ਅਦਾਰਾ ਹੈ। ਅਸੀਂ ਦਲਿਤਾਂ, ਗਰੀਬਾਂ ਅਤੇ ਕਿਰਤੀ ਸਿੱਖਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਹੜ੍ਹਾਂ ਤੋਂ ਬਾਅਦ ਅਸੀਂ ਤਿੰਨ ਪਰਿਵਾਰਾਂ ਨੂੰ ਨਵੇਂ ਮਕਾਨ ਬਣਾ ਕੇ ਦੇ ਰਹੇ ਹਾਂ ਅਤੇ ਇਹ ਸੇਵਾ ਜਾਰੀ ਰਹੇਗੀ।"
ਉਨ੍ਹਾਂ ਕਿਹਾ ਕਿ ਰਛਪਾਲ ਸਿੰਘ ਵਰਗੇ ਮਿਹਨਤਕਸ਼ ਲੋਕਾਂ ਲਈ ਇਹ ਮਦਦ ਨਾ ਸਿਰਫ਼ ਇਕ ਛੱਤ ਹੈ, ਸਗੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਹੈ। ਉਨ੍ਹਾਂ ਦੀ ਵੱਡੀ ਧੀ ਦੀ ਪੜ੍ਹਾਈ ਜਾਰੀ ਰਹੇਗੀ ਅਤੇ ਪਰਿਵਾਰ ਵਿਚ ਉਮੀਦ ਦੀ ਨਵੀਂ ਕਿਰਨ ਜਾਗ ਰਹੀ ਹੈ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਇਹ ਉਦਾਹਰਣ ਪੰਜਾਬ ਵਿੱਚ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਲਈ ਮਿਸਾਲ ਬਣ ਰਹੀ ਹੈ। ਜਥੇਦਾਰ ਖਾਲਸਾ ਨੇ ਅਪੀਲ ਕੀਤੀ ਕਿ ਸੰਗਤ ਵਧ ਚੜ੍ਹ ਕੇ ਦਸਵੰਧ ਦੇ ਕੇ ਅਜਿਹੀਆਂ ਸੇਵਾਵਾਂ ਨੂੰ ਹੋਰ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਇਸ ਨੂੰ ਜਾਰੀ ਰੱਖਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਇਸ ਸੇਵਾ ਮੁਹਿੰਮ ਵਿਚ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ,ਸੰਦੀਪ ਸਿੰਘ ਚਾਵਲਾ ,ਠੇਕੇਦਾਰ ਹਰਦੇਵ ਸਿੰਘ, ਸਾਹਿਬ ਸਿੰਘ ਆਰਟਿਸਟ ਸ਼ਾਮਲ ਸਨ।
