ਕਾਂਸਟੇਬਲ ਭਰਤੀ ਕਰਵਾਉਣ ਦੇ ਨਾਂ ’ਤੇ 3 ਭਰਾ-ਭੈਣਾਂ ਤੋਂ ਠੱਗੇ 6 ਲੱਖ

Thursday, Aug 02, 2018 - 03:32 AM (IST)

ਕਾਂਸਟੇਬਲ ਭਰਤੀ ਕਰਵਾਉਣ ਦੇ ਨਾਂ ’ਤੇ 3 ਭਰਾ-ਭੈਣਾਂ ਤੋਂ ਠੱਗੇ 6 ਲੱਖ

ਲੁਧਿਆਣਾ(ਰਿਸ਼ੀ)-ਖੁਦ ਨੂੰ ਪੰਜਾਬ ਪੁਲਸ ਦਾ ਮੁਲਾਜ਼ਮ ਦੱਸ ਕੇ 3 ਭਰਾ-ਭੈਣਾਂ ਨੂੰ ਪੰਜਾਬ ਪੁਲਸ ਵਿਚ ਕਾਂਸਟੇਬਲ ਦੀ ਭਰਤੀ ਕਰਵਾਉਣ ਦੇ ਸੁਪਨੇ ਦਿਖਾ ਕੇ 6 ਲੱਖ ਰੁਪਏ ਦੀ ਠੱਗੀ ਮਾਰ ਲਈ। ਇੰਨਾ ਹੀ ਨਹੀਂ ਲਡ਼ਕੀ ਨੂੰ ਬਹਾਨੇ ਨਾਲ ਕਿਸੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਸ਼ਾਤਿਰ ਨੇ ਖੁਦ ਨੂੰ ਕੁਅਾਰਾ ਦੱਸ ਕੇ ਜਬਰ-ਜ਼ਨਾਹ ਕੀਤਾ ਅਤੇ ਗੁੰਮਰਾਹ ਕਰਨ ਲਈ ਖਾਕੀ ਵਰਦੀ ਵੀ ਦੇ ਦਿੱਤੀ, ਤਾਂ ਕਿ ਉਸ ਨੂੰ ਭਰੋਸਾ ਹੋ ਜਾਵੇ ਕਿ ਉਹ ਪੁਲਸ ਵਿਚ ਜਲਦ ਭਰਤੀ ਹੋਣ ਵਾਲੀ ਹੈ। ਇਸ ਮਾਮਲੇ ’ਚ ਥਾਣਾ ਮੇਹਰਬਾਨ ਦੀ ਪੁਲਸ ਨੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਨੌਜਵਾਨ ਦੀ ਸ਼ਿਕਾਇਤ ’ਤੇ ਮੁਲਜ਼ਮ ਗੁਰਭੇਜ ਸਿੰਘ (24) ਉਸ ਦੀ ਮਾਤਾ ਭਜਨ ਕੌਰ, ਪਤਨੀ ਰਾਜ ਕੌਰ, ਭਰਾ ਸਮਸ਼ੇਰ ਸਿੰਘ, ਭੈਣ ਨੀਲਮ ਰਾਣੀ ਨਿਵਾਸੀ ਪਿੰਡ ਚੂਹਡ਼ਵਾਲ ਅਤੇ ਸਹੁਰੇ ਭਜਨ ਸਿੰਘ ਨਿਵਾਸੀ ਪਿੰਡ ਮਾਂਗ ਖਿਲਾਫ ਜਬਰ-ਜ਼ਨਾਹ, ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਣਜੀਤ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨੌਜਵਾਨ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਕਰਦਾ ਹੈ, ਫਰਵਰੀ 2018 ’ਚ ਉਸ ਦੀ ਮੁਲਾਕਾਤ ਉਕਤ ਵਿਅਕਤੀ ਨਾਲ ਪਿੰਡ ਦੇ ਧਾਰਮਕ ਅਸਥਾਨ ’ਤੇ ਹੋਈ, ਜਿੱਥੇ ਉਹ ਖੁਦ ਨੂੰ ਪੰਜਾਬ ਪੁਲਸ ਦਾ ਮੁਲਾਜ਼ਮ ਦੱਸ ਰਿਹਾ ਸੀ ਅਤੇ ਉਸ ਦੀ ਭੈਣ ਨੂੰ ਪੁਲਸ ’ਚ ਕਾਂਸਟੇਬਲ ਭਰਤੀ ਕਰਵਾਉਣ ਦੀ ਗੱਲ ਕਹੀ। ਉਸ ਦੀਆਂ ਗੱਲਾਂ ਵਿਚ ਆ ਕੇ  ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਉਹ ਮੰਨ ਗਏ, ਜਿਸ ਦੇ ਬਾਅਦ ਉਸ ਨੇ ਦੋਵਾਂ ਭਰਾਵਾਂ ਨੂੰ ਵੀ ਪੁਲਸ ਵਿਚ ਹੀ ਭਰਤੀ ਕਰਵਾਉਣ ਨੂੰ ਕਿਹਾ ਅਤੇ ਰਾਹੋਂ ਰੋਡ ’ਤੇ ਬੁਲਾ ਕੇ ਵੱਖ-ਵੱਖ ਸਮੇਂ ’ਤੇ ਤਿੰਨਾਂ ਤੋਂ 2-2 ਲੱਖ ਰੁਪਏ ਦੇ ਹਿਸਾਬ ਨਾਲ 6 ਲੱਖ ਰੁਪਏ ਲਏ। 
 ਜਦ ਉਹ ਪਹਿਲੀ ਵਾਰ ਗੁਰਭੇਜ ਨੂੰ ਪੈਸੇ ਦੇਣ ਗਿਆ ਤਾਂ ਉਸ ਨਾਲ ਉਸ ਦਾ ਭਰਾ ਸਮਸ਼ੇਰ ਸਿੰਘ ਅਤੇ ਸਹੁਰਾ ਭਜਨ ਸਿੰਘ ਸੀ, ਜਦਕਿ ਕੁੱਝ ਸਮੇਂ ਬਾਅਦ  ਉਹ ਗੁਰਭੇਜ ਨੂੰ ਮਿਲਿਆ ਤਾਂ ਉਸ ਨਾਲ ਉਸ ਦੀ ਮਾਂ ਭਜਨ ਕੌਰ ਤੇ ਰਾਜ ਕੌਰ ਸੀ। ਕਾਫੀ ਸਮਾਂ ਗੁਜ਼ਰ ਜਾਣ ’ਤੇ ਵੀ ਨਾ ਤਾਂ ਉਸ ਨੇ ਸਾਨੂੰ ਪੁਲਸ ਵਿਚ ਭਰਤੀ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਦੇ ਬਾਅਦ ਮਜਬੂਰਨ ਇਨਸਾਫ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਭੈਣ ਨੇ ਵੀ ਦੱਸਿਆ ਕਿ 25 ਜੂਨ ਨੂੰ ਉਕਤ ਦੋਸ਼ੀ ਉਸ ਨੂੰ ਮੇਹਰਬਾਨ ਇਲਾਕੇ ਵਿਚ ਇਕ ਸੁੰਨਸਾਨ ਜਗ੍ਹਾ ’ਤੇ ਭਰਤੀ ਕਰਵਾਉਣ ਦੇ ਬਹਾਨੇ ਲੈ ਗਿਆ ਅਤੇ ਜਬਰ-ਜ਼ਨਾਹ ਕੀਤਾ। ਪੁਲਸ ਦੇ ਅਨੁਸਾਰ ਸ਼ਾਤਿਰ  ਨੂੰ ਫਡ਼ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ 4 ਦਿਨ ਦਾ ਰਿਮਾਂਡ  ਲੈ  ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਪੁਲਸ ਦੀ ਖਾਕੀ ਵਰਦੀ ਤਿੰਨੇ ਭਰਾ-ਭੈਣਾਂ ਨੂੰ ਖਰੀਦ ਕੇ ਦੇਣ ਦੀ ਗੱਲ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕਿੱਥੋਂ ਵਰਦੀ ਲੈ ਕੇ ਆਇਆ। ਇਸ ਦੇ ਨਾਲ ਨਾਮਜ਼ਦ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
8 ਲੱਖ ਦਾ ਚੈੱਕ ਦਿੱਤਾ ਹੋਇਆ ਬਾਊਂਸ 
 ਪੀਡ਼ਤ ਅਨੁਸਾਰ ਸ਼ਾਤਿਰ  ਤੋਂ  ਉਨ੍ਹਾਂ ਵਲੋਂ ਪੈਸੇ ਮੰਗਣ ’ਤੇ ਮਨੀ ਕੁਮਾਰ ਨਾਮਕ ਵਿਅਕਤੀ ਦਾ 8 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਪਰ ਜਦ ਉਨ੍ਹਾਂ ਨੇ ਚੈੱਕ ਖਾਤੇ ਵਿਚ ਲਾਇਆ ਤਾਂ ਉਹ ਬਾਊਂਸ ਹੋ ਗਿਆ। 
ਕਈਆਂ ਨੂੰ ਬਣਾਇਆ ਸ਼ਿਕਾਰ 
 ਪੁਲਸ ਅਨੁਸਾਰ ਇਸ ਸ਼ਾਤਿਰ ਪਰਿਵਾਰ ਵਲੋਂ ਕਈ ਲੋਕਾਂ ਨੂੰ ਪੁਲਸ ’ਚ ਭਰਤੀ ਦੇ ਨਾਂ ’ਤੇ ਆਪਣਾ ਸ਼ਿਕਾਰ ਬਣਾਇਆ ਜਾ ਚੁੱਕਿਆ ਹੈ। ਅਸ਼ੋਕ ਕੁਮਾਰ, ਸੰਦੀਪ ਸਿੰਘ, ਰਾਜਵਿੰਦਰ ਕੌਰ, ਚਰਨਜੀਤ ਸਿੰਘ, ਗੁਰਜੀਤ ਕੌਰ, ਗਗਨਦੀਪ ਸਿੰਘ ਅਤੇ ਕਈ ਨੌਜਵਾਨਾਂ ਤੋਂ ਪੁਲਸ ਵਿਚ ਭਰਤੀ ਦੇ ਨਾਂ ’ਤੇ ਲੱਖਾਂ ਰੁਪਏ ਠੱਗੇ ਜਾ ਚੁੱਕੇ ਹਨ।


Related News