ਸਾਬਕਾ ਮੰਤਰੀ ਮਲੂਕਾ ਨੇ ਦਿੱਤਾ ਜ਼ਿਲਾ ਪ੍ਰਧਾਨਗੀ ਤੋਂ ਅਸਤੀਫਾ

03/19/2018 4:37:53 AM

ਬਠਿੰਡਾ (ਵਰਮਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਐਤਵਾਰ ਨੂੰ ਅਕਾਲੀ ਦਲ ਦੀ ਜ਼ਿਲਾ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪਿਛਲੇ 28 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਚੱਲੇ ਆ ਰਹੇ ਸਨ। ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਲੂਕਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦਾ ਕੌਮੀ ਪ੍ਰਧਾਨ ਬਣਾ ਦਿੱਤਾ ਸੀ ਅਤੇ ਦੋ ਦਿਨ ਪਹਿਲਾਂ ਹੀ ਮਲੂਕਾ ਨੂੰ ਰਾਜਸਥਾਨ ਦਾ ਇੰਚਾਰਜ ਵੀ ਨਿਯੁਕਤ ਕੀਤਾ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਉਨ੍ਹਾਂ ਆਪਣਾ ਅਸਤੀਫ਼ਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਤੇ ਰਾਜਸਥਾਨ ਦਾ ਇੰਚਾਰਜ ਲਾਏ ਜਾਣ ਕਾਰਨ ਉਨ੍ਹਾਂ ਜ਼ਿਲਾ ਜਥੇਦਾਰੀ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕਿਸਾਨਾਂ ਦੀ ਹਾਲਤ ਬੇਹੱਦ ਮਾੜੀ ਹੈ ਅਤੇ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਨ੍ਹਾਂ ਨੂੰ ਸੰਕਟ 'ਚੋਂ ਕੱਢਣ ਦਾ ਯਤਨ ਕਰਨਗੇ।
ਉਨ੍ਹਾਂ ਕਿਹਾ ਕਿ 28 ਸਾਲ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਪ੍ਰਧਾਨ ਰਹਿੰਦਿਆਂ ਉਨ੍ਹਾਂ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਤੇ ਹਰ ਕਸੌਟੀ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਾਈਕਮਾਂਡ ਵੱਲੋਂ ਉਨ੍ਹਾਂ 'ਤੇ ਹਮੇਸ਼ਾ ਭਰੋਸਾ ਰੱਖਿਆ ਗਿਆ ਤੇ ਜ਼ਿਲਾ ਜਥੇਬੰਦੀ ਤੇ ਪਾਰਟੀ ਵਰਕਰਾਂ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਤੇ ਸਹਿਯੋਗ ਮਿਲਿਆ, ਜਿਸ ਲਈ ਉਹ ਹਾਈਕਮਾਂਡ ਤੇ ਸਮੁੱਚੀ ਜਥੇਬੰਦੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਜਲਦ ਹੀ ਕਿਸੇ ਯੋਗ ਉਮੀਦਵਾਰ ਨੂੰ ਇਹ ਜ਼ਿੰਮੇਵਾਰੀ ਸੌਂਪੇਗੀ। ਉਨ੍ਹਾਂ ਕਿਹਾ ਕਿ ਉਹ ਹੁਣ ਪਹਿਲਾਂ ਵਾਂਗ ਹੀ ਵਰਕਰਾਂ ਨਾਲ ਖੜ੍ਹੇ ਹਨ। ਰਾਜਸਥਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਸਥਾਨ ਵਿਚ ਜਲਦ ਹੀ ਪਾਰਟੀ ਦੀਆਂ ਗਤੀਵਿਧੀਆਂ ਆਰੰਭ ਕੀਤੀਆਂ ਜਾਣਗੀਆਂ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਮਨਜੀਤ ਸਿੰਘ ਧੁੰਨਾ, ਗੁਰਚਰਨ ਸਿੰਘ ਸਾਬਕਾ ਸਰਪੰਚ ਮਲੂਕਾ, ਰੇਸ਼ਮ ਸਿੰਘ ਮਲੂਕਾ, ਗੁਰਜੀਤ ਸਿੰਘ ਦਿਉਣ, ਰਾਜਵੀਰ ਸਿੱਧੂ ਤੇ ਕਈ ਸੀਨੀਅਰ ਆਗੂ ਹਾਜ਼ਰ ਸਨ।  


Related News