ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅਕਾਲੀ ਲੀਡਰਸ਼ਿਪ ਨੂੰ ਦਿਖਾਏ ਤਿੱਖੇ ਤੇਵਰ

05/04/2024 5:27:42 PM

ਗੁਰਦਾਸਪੁਰ (ਜੀਤ)-ਅੱਜ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੇ ਕੱਟੜ ਸਮਰਥਕਾਂ ਅਤੇ ਟਕਸਾਲੀ ਆਗੂਆਂ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਦਲ ਦੀ ਲੀਡਰਸ਼ਿਪ ਨੂੰ ਸਖ਼ਤ ਅਤੇ ਸਪੱਸ਼ਟ ਸ਼ਬਦਾਂ ਵਿਚ ਤਿੱਖੇ ਤੇਵਰ ਦਿਖਾ ਕੇ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਜੇਕਰ ਪਾਰਟੀ ਨੇ ਕੱਟੜ ਅਕਾਲੀ ਆਗੂਆਂ ਨੂੰ ਨਜ਼ਰਅੰਦਾਜ ਕਰਨਾ ਬੰਦ ਨਾ ਕੀਤਾ ਤਾਂ 22 ਮਈ ਨੂੰ ਵੱਡਾ ਇਕੱਠ ਕਰਕੇ ਚੋਣਾਂ ਸਬੰਧੀ ਵੱਡਾ ਫੈਸਲਾ ਲੈਣਗੇ। ਲੰਗਾਹ ਨੇ ਕਿਹਾ ਕਿ ਇਸ ਮੌਕੇ ਜ਼ਿਲ੍ਹੇ ਅੰਦਰ ਕਈ ਅਕਾਲੀ ਆਗੂ ਅਜਿਹੇ ਹਨ ਜੋ ਖੁਦ ਨੂੰ ਅਕਾਲੀ ਦਲ ਦੇ ਵਫਾਦਾਰ ਦੱਸਦੇ ਹਨ ਅਤੇ ਅਸਲੀ ਟਕਸਾਲੀ ਆਗੂਆਂ ਬਾਰੇ ਗਲਤ ਪ੍ਰਚਾਰ ਕਰ ਰਹੇ ਹਨ। ਪਰ ਅਜਿਹੇ ਅਕਾਲੀ ਖੁਦ ਕਾਂਗਰਸ ਜਾਂ ਹੋਰ ਪਾਰਟੀਆਂ ਛੱਡ ਕੇ ਪਿਛਲੇ 5-7 ਸਾਲਾਂ ਦੌਰਾਨ ਹੀ ਅਕਾਲੀ ਦਲ ਵਿਚ ਆਏ ਸਨ। ਪਰ ਜੋ ਅਕਾਲੀ ਆਗੂ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ ਨਾਲ ਸੰਘਰਸ਼ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਚੋਣਾਂ ਦੌਰਾਨ ਪਾਰਟੀ ਜਾਂ ਪਾਰਟੀ ਦੇ ਉਮੀਦਵਾਰ ਨੇ ਅਜੇ ਤੱਕ ਸੰਪਰਕ ਹੀ ਨਹੀਂ ਕੀਤਾ। 

 ਇਹ ਵੀ ਪੜ੍ਹੋ-  ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼

ਲੰਗਾਹ ਨੇ ਕਿਹਾ ਕਿ ਉਹ ਜੰਮੇ ਵੀ ਅਕਾਲੀ ਸਨ ਅਤੇ ਆਖਰੀ ਸਾਹ ਵੀ ਅਕਾਲੀ ਦਲ ਵਿਚ ਹੀ ਲੈਣਗੇ ਪਰ ਜਿਸ ਢੰਗ ਨਾਲ ਉਨ੍ਹਾਂ ਨੂੰ ਕੱਟੜ ਅਕਾਲੀ ਆਗੂਆਂ ਤੇ ਸਾਥੀਆਂ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ, ਉਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਲੰਗਾਹ ਨੇ ਕਿਹਾ ਕਿ ਉਹ 32 ਸਾਲ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਨੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਰਹਿਣ ਦੇ ਨਾਲ-ਨਾਲ ਹੋਰ ਅਨੇਕਾਂ ਅਹੁੱਦਿਆਂ 'ਤੇ ਰਹਿ ਕੇ ਸੇਵਾ ਕੀਤੀ ਹੈ। ਉਨ੍ਹਾਂ ਇਸ ਜ਼ਿਲ੍ਹੇ ਅੰਦਰ ਹਮੇਸ਼ਾ ਅਕਾਲੀ ਦਲ ਦੀ ਢਾਲ ਬਣ ਕੇ ਖੜੇ ਰਹੇ ਹਨ ਜਿਸ ਕਾਰਨ ਵਿਰੋਧੀਆਂ ਨੇ ਉਨ੍ਹਾਂ ਖਿਲਾਫ ਪਰਚਾ ਦਰਜ ਕਰਵਾ ਕੇ ਉਨ੍ਹਾਂ ਨੂੰ ਬਰਬਾਦ ਕਰਨ ਅਤੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। 

ਇਹ ਵੀ ਪੜ੍ਹੋ- ਚੋਣ ਡਿਊਟੀ ’ਚ ਰੁੱਝੇ ਸਾਢੇ 5 ਹਜ਼ਾਰ ਅਧਿਆਪਕ, ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਪਈ ਮੱਠੀ

ਲੰਗਾਹ ਨੇ ਕਿਹਾ ਕਿ ਅਜਿਹੇ ਆਗੂਆਂ ਦੀਆਂ ਆਪਣੀਆਂ ਮੀਟਿੰਗਾਂ ਵਿਚ ਬਹੁਤ ਘੱਟ ਲੋਕ ਸ਼ਾਮਲ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਸੱਤਾ ਵਿਚ ਰਹਿੰਦਿਆਂ ਤੇ ਸੱਤਾ ਤੋਂ ਬਾਹਰ ਰਹਿੰਦਿਆਂ ਲੋਕਾਂ ਦਾ ਨੁਕਸਾਨ ਹੀ ਕੀਤਾ ਹੈ ਅਤੇ ਆਪਣੇ ਮਾੜੇ ਕੰਮਾਂ ਕਰਕੇ ਹੀ ਇਹ ਲੋਕ ਹਾਰੇ ਸਨ। ਪਰ ਆਪਣੀ ਹਾਰ ਦਾ ਭਾਂਡਾ ਦੂਜੇ ਅਕਾਲੀਆਂ 'ਤੇ ਸੁੱਟ ਕੇ ਇਹ ਪਹਿਲਾਂ ਹਾਈਕਮਾਨ ਨੂੰ ਗੁੰਮਰਾਹ ਕਰਦੇ ਰਹੇ ਅਤੇ ਹੁਣ ਪਾਰਟੀ ਦੇ ਉਮੀਦਵਾਰ ਨੂੰ ਵੀ ਗੁੰਮਰਾਹ ਕਰਕੇ ਇਕ ਦਾਇਰੇ ਵਿਚ ਸੀਮਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਉਮੀਦਵਾਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੇ ਆਗੂ ਉਨ੍ਹਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹਨ, ਉਹ ਅਜੇ ਕੁਝ ਸਾਲ ਪਹਿਲਾਂ ਹੀ ਅਕਾਲੀ ਦਲ ਵਿਚ ਆਏ ਹਨ ਅਤੇ ਜਿਹੜੇ ਆਗੂਆਂ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਪਾਰਟੀ ਦੇ ਉਮੀਦਵਾਰ ਤੋਂ ਵੀ ਪਹਿਲਾਂ ਦੇ ਅਕਾਲੀ ਹਨ। ਇਸ ਲਈ ਹੁਣ ਉਹ ਹੋਰ ਬਰਦਾਸ਼ਤ ਨਹੀਂ ਕਰਨਗੇ ਅਤੇ 21 ਮਈ ਤੱਕ ਇੰਤਜਾਰ ਕਰਨਗੇ, ਜਿਸ ਦੇ ਬਾਅਦ 22 ਮਈ ਨੂੰ ਵਿਸ਼ਾਲ ਰੈਲੀ ਕਰਕੇ ਉਨਾਂ ਲੋਕਾਂ ਨੂੰ ਮੂੰਹ ਤੋੜਵਾਂ ਜੁਆਬ ਦੇਣਗੇ ਜੋ ਕਹਿ ਰਹੇ ਹਨ ਕਿ ਸੁੱਚਾ ਸਿੰਘ ਲੰਗਾਹ ਦੇ ਪੱਲੇ ਹੁਣ ਕੁਝ ਨਹੀਂ ਅਤੇ ਨਾਲ ਹੀ ਹਾਈਕਮਾਨ ਦੀਆਂ ਅੱਖਾਂ ਵੀ ਖੋਲਣਗੇ ਕਿ ਲੰਗਾਹ ਦੇ ਨਾਲ ਅੱਜ ਵੀ ਕਿੰਨੇ ਅਕਾਲੀ ਆਗੂ ਖੜੇ ਹਨ।

ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ 'ਚ ਸ਼ਾਮਲ

ਲੰਗਾਹ ਨੇ ਕਿਹਾ ਕਿ ਅੱਜ ਵੀ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਹਨ, ਪਰ ਕੁਝ ਕੁ ਆਗੂਆਂ ਦੀ ਬਦੌਲਤ ਅਕਾਲੀ ਦਲ ਦਾ ਗ੍ਰਾਫ ਉਚਾ ਨਹੀਂ ਉਠ ਰਿਹਾ, ਇਸ ਕਾਰਨ ਅਕਾਲੀ ਦਲ ਦੀ ਹਾਈਕਮਾਨ ਨੂੰ ਸੋਚਣ ਦੀ ਲੋੜ ਹੈ। ਉਨ੍ਹਾਂ ਹਾਈਕਮਾਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਅਕਾਲੀ ਆਗੂਆਂ ਖਿਲਾਫ ਪਾਰਟੀ ਦੇ ਉਮੀਦਵਾਰ ਦੀਆਂ ਸਟੇਜਾਂ ਤੋਂ ਕੁਝ ਅਖੌਤੀ ਆਗੂਆਂ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਬੰਦ ਨਾ ਹੋਇਆ ਅਤੇ ਪਾਰਟੀ ਦੇ ਸਰਗਰਮ ਤੇ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ ਕਰਨਾ ਬੰਦ ਨਾ ਕੀਤਾ ਗਿਆ ਤਾਂ 22 ਮਈ ਨੂੰ ਇੱਕ ਵੱਡਾ ਇਕੱਠ ਕਰਕੇ ਸਾਰੇ ਸਾਥੀਆਂ ਦੀ ਹਾਜ਼ਰੀ ਵਿਚ ਅਗਲਾ ਐਲਾਨ ਕਰਨਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News