ਕੀ ਰਾਜਾ ਵੜਿੰਗ ਨੂੰ ਛੱਡਣੀ ਪਵੇਗੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ? ਸਿਆਸੀ ਗਲਿਆਰਿਆਂ ''ਚ ਛਿੜੀ ਚਰਚਾ
Tuesday, Apr 30, 2024 - 07:12 PM (IST)
ਲੁਧਿਆਣਾ (ਵੈੱਬ ਡੈਸਕ, ਹਿਤੇਸ਼) : ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਬਾਅਦ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੀ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡਣੀ ਪਵੇਗੀ ਕਿਉਂਕਿ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਨੂੰ ਬਠਿੰਡਾ ਤੋਂ ਟਿਕਟ ਨਹੀਂ ਮਿਲੀ ਤਾਂ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਸਾਰੀਆਂ ਸੀਟਾਂ 'ਤੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਲਈ ਜਾਣਾ ਜ਼ਰੂਰੀ ਹੈ ਅਤੇ ਜੇਕਰ ਪਤਨੀ ਨੂੰ ਟਿਕਟ ਮਿਲਦੀ ਤਾਂ ਰਾਜਾ ਵੜਿੰਗ ਨੂੰ ਜ਼ਿਆਦਾਤਰ ਸਮਾਂ ਬਠਿੰਡਾ 'ਚ ਦੇਣਾ ਪੈਂਦਾ। ਹੁਣ ਕਾਂਗਰਸ ਵਲੋਂ ਖ਼ੁਦ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਪੂਰਾ ਸਮਾਂ ਲੁਧਿਆਣਾ 'ਚ ਹੀ ਦੇਣਾ ਪਵੇਗਾ ਅਤੇ ਉਹ ਪੰਜਾਬ ਦੇ ਬਾਕੀ ਹਿੱਸਿਆਂ 'ਚ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਲਈ ਨਹੀਂ ਜਾ ਸਕਦੇ ਹਨ। ਇਸ ਦੌਰਾਨ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕਾਂਗਰਸ ਵਲੋਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਕਾਰਜਕਾਰੀ ਤੌਰ 'ਤੇ ਕਿਸੇ ਹੋਰ ਵੱਡੇ ਆਗੂ ਨੂੰ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : PSEB 8ਵੀਂ ਤੇ 12ਵੀਂ ਜਮਾਤ ਵਾਲੇ ਹੋ ਜਾਣ ਤਿਆਰ, ਅੱਜ ਆਵੇਗਾ Result, ਇੰਝ ਕਰੋ ਚੈੱਕ
ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤੀ ਗਈ ਹੈ ਚੁਣੌਤੀ
ਲੁਧਿਆਣਾ ਦਾ ਲੋਕ ਸਭਾ ਚੋਣਾਂ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਜਿੱਤਣ 'ਤੇ ਸਿਆਸਤ ਛੱਡਣ ਦੀ ਚੁਣੌਤੀ ਦਿੱਤੀ ਗਈ ਹੈ। ਇਸ ਮੁੱਦੇ 'ਤੇ ਉਹ ਪਿਛਲੇ ਦਿਨੀਂ ਲੁਧਿਆਣਾ ਦੇ ਸਾਬਕਾ ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਚਰਚਾ ਕਰਕੇ ਗਏ ਸਨ ਅਤੇ ਬਾਜਵਾ ਵਲੋਂ ਹੀ ਲੁਧਿਆਣਾ ਤੋਂ ਉਮੀਦਵਾਰ ਬਣਾਉਣ ਲਈ ਪਾਰਟੀ ਦੇ ਸਾਹਮਣੇ ਇਕ ਤੋਂ ਬਾਅਦ ਇਕ ਕਰਕੇ ਵੱਡੇ ਚਿਹਰਿਆਂ ਦੇ ਨਾਵਾਂ ਦੀ ਸਿਫ਼ਾਰਿਸ਼ ਕਰਨ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਰੁੱਸੀ ਘਰਵਾਲੀ ਨੂੰ ਮਨਾਉਣ ਸਹੁਰੇ ਘਰ ਪੁੱਜੇ ਸ਼ਖ਼ਸ ਨਾਲ ਜੋ ਹੋਇਆ, ਕਿਸੇ ਨੇ ਸੋਚਿਆ ਵੀ ਨਹੀਂ ਹੋਣਾ
ਬਠਿੰਡਾ ਦੀ ਬਜਾਏ ਲੁਧਿਆਣਾ 'ਚ ਸੁਣਾਈ ਦੇਵੇਗੀ ਅੰਮ੍ਰਿਤਾ ਵੜਿੰਗ ਦੀ ਗੂੰਜ
ਰਾਜਾ ਵੜਿੰਗ ਪਹਿਲਾਂ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਅੱਗੇ ਕੀਤਾ ਸੀ, ਜੋ ਕਾਫ਼ੀ ਦੇਰ ਬਠਿੰਡਾ 'ਚ ਸਰਗਰਮ ਤੌਰ 'ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦਾ ਅਕਸ ਆਪਣੇ ਬੇਵਾਬ ਭਾਸ਼ਣ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਅੰਮ੍ਰਿਤਾ ਵੜਿੰਗ ਨੂੰ ਬਠਿੰਡਾ ਤੋਂ ਟਿਕਟ ਨਹੀਂ ਮਿਲੀ ਪਰ ਉਨ੍ਹਾਂ ਦੇ ਪਤੀ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਕਾਂਗਰਸ ਨੇ ਉਮੀਦਵਾਰ ਬਣਾ ਦਿੱਤਾ ਹੈ। ਇੱਥੇ ਆਉਣ ਵਾਲੇ ਦਿਨਾਂ ਦੌਰਾਨ ਚੋਣ ਪ੍ਰਚਾਰ ਦੀ ਮੁਹਿੰਮ 'ਚ ਅੰਮ੍ਰਿਤਾ ਵੜਿੰਗ ਦੀ ਗੂੰਜ ਸੁਣਾਈ ਦੇਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਅਤੇ ਅਕਾਲੀ ਦਲ ਦੇ ਰਣਜੀਤ ਢਿੱਲੋਂ ਦੀ ਪਤਨੀ ਤਾਂ ਰੂਟੀਨ 'ਚ ਹੀ ਸਿਆਸੀ ਜਾਂ ਧਾਰਮਿਕ ਗਤੀਵਿਧੀਆਂ ਦੌਰਾਨ ਸ਼ਾਮਲ ਹੁੰਦੀਆਂ ਹਨ ਪਰ ਰਵਨੀਤ ਬਿੱਟੂ ਦੀ ਪਤਨੀ ਨੂੰ ਚੋਣਾਂ ਦੌਰਾਨ ਹੀ ਹੀ ਵੋਟ ਮੰਗਣ ਲਈ ਭੇਜਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8