ਆਪਸੀ ਫੁੱਟ ਤੇ ਲੁੱਟ 'ਚ ਰੁੱਝੀ ਕੈਪਟਨ ਸਰਕਾਰ ਕਰ ਰਹੀ ਹੈ ਪੰਜਾਬੀਆਂ 'ਤੇ ਅੱਤਿਆਚਾਰ: ਰਾਕੇਸ਼ ਰਾਠੌਰ

04/23/2018 11:29:47 AM

ਜਲੰਧਰ (ਰਾਹੁਲ)— ਹਰੇਕ ਘਰ 'ਚ ਨੌਕਰੀ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਰੋਜ਼ ਨਵੇਂ-ਨਵੇਂ ਟੈਕਸਾਂ ਦਾ ਤੋਹਫਾ ਦੇ ਰਹੀ ਹੈ। ਪ੍ਰੋਫੈਸ਼ਨਲ ਟੈਕਸ ਸਬੰਧੀ ਪੰਜਾਬ ਦੇ ਲੋਕਾਂ ਦਾ ਰੋਸ ਹਾਲੇ ਥੰਮ੍ਹਿਆ ਨਹੀਂ ਸੀ ਕਿ ਕੈਪਟਨ ਸਰਕਾਰ ਨੇ ਨਵਾਂ ਪਾਰਕਿੰਗ ਟੈਕਸ ਠੋਕ ਕੇ ਪੰਜਾਬ ਦੀ ਜਨਤਾ ਪ੍ਰਤੀ ਆਪਣੀ ਤਾਨਾਸ਼ਾਹੀ ਨੂੰ ਪ੍ਰਗਟ ਕੀਤਾ ਹੈ। ਇਹ ਦੋਸ਼ ਸਾਬਕਾ ਮੇਅਰ ਜਲੰਧਰ ਅਤੇ ਸੂਬੇ ਦੇ ਉੱਪ ਪ੍ਰਧਾਨ ਭਾਜਪਾ ਰਾਕੇਸ਼ ਰਾਠੌਰ ਨੇ ਲਗਾਏ।
ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਕੇਂਦਰ ਸਰਕਾਰ ਲੋਕਾਂ ਨੂੰ ਜ਼ਿਆਦਾਤਰ ਸਹੂਲਤਾਂ ਦੇ ਰਹੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਲਗਾਤਾਰ ਟੈਕਸ ਲਗਾ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਸਸਤੀ ਬਿਜਲੀ ਦੇਣ ਦਾ ਐਲਾਨ ਕਰਕੇ ਸੱਤਾ 'ਚ ਆਈ ਕੈਪਟਨ ਸਰਕਾਰ ਨੇ ਬਿਜਲੀ ਦੀਆਂ ਕੀਮਤਾਂ ਵਧਾ ਕੇ ਆਪਣੀ ਤਾਨਾਸ਼ਾਹੀ ਦਾ ਸਬੂਤ ਦਿੱਤਾ ਹੈ। ਖਜ਼ਾਨਾ ਖਾਲੀ ਹੋਣ ਦੇ ਨਾਂ 'ਤੇ ਕੀਤੀ ਜਾ ਰਹੀ ਲੁੱਟ ਦਾ ਪੰਜਾਬ ਦੀ ਜਨਤਾ ਢੁੱਕਵਾਂ ਜਵਾਬ ਦੇਵੇਗੀ। ਆਪਸੀ ਫੁੱਟ ਤੇ ਲੁੱਟ 'ਚ ਰੁੱਝੀ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ 'ਤੇ ਅੱਤਿਆਚਾਰ ਕਰ ਰਹੀ ਹੈ, ਜਦਕਿ ਪੂਰੇ ਦੇਸ਼ 'ਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਅਧੀਨ ਫ੍ਰੀ ਗੈਸ ਕੁਨੈਕਸ਼ਨ ਵੰਡ ਕੇ ਮੋਦੀ ਸਰਕਾਰ ਲਗਾਤਾਰ ਲੋਕ ਹਿਤੈਸ਼ੀ ਕੰਮ ਕਰ ਰਹੀ ਹੈ। ਵੱਖ-ਵੱਖ ਯੋਜਨਾਵਾਂ ਰਾਹੀਂ ਸਰਕਾਰ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਅੱਗੇ ਵਧਾ ਰਹੀ ਹੈ।
ਪੰਜਾਬ 'ਚ ਹੁਣ ਤੱਕ ਕਰੀਬ 4 ਲੱਖ ਗੈਸ ਕੁਨੈਕਸ਼ਨ ਵੰਡੇ ਜਾ ਚੁੱਕੇ ਹਨ। ਸਾਡੇ ਭਾਜਪਾ ਕਾਰਜਕਰਤਾ ਕੇਂਦਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਜਲਦੀ ਹੀ ਇਸ ਦੇ ਨਤੀਜੇ ਸਾਹਮਣੇ ਆਉਣਗੇ।


Related News