ਖਰੜ 'ਚ ਸਕੂਲ ਅਧਿਆਪਕਾ ਨੂੰ ਗੋਲੀਆਂ ਮਾਰਨ ਦੀ ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ (ਵੀਡੀਓ)
Thursday, Dec 05, 2019 - 03:07 PM (IST)
ਖਰੜ (ਅਮਰਦੀਪ, ਰਣਬੀਰ) : ਮੋਹਾਲੀ 'ਚ ਪੈਂਦੇ ਖਰੜ ਦੇ ਸੰਨੀ ਇਨਕਲੇਵ 'ਚ ਸਥਿਤ ਇਕ ਨਿਜੀ ਸਕੂਲ 'ਚ ਪੜ੍ਹਾਉਣ ਵਾਲੀ ਅਧਿਆਪਕਾ ਨੂੰ ਵੀਰਵਾਰ ਸਵੇਰੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਜਿਸ ਕਾਰਨ ਅਧਿਆਪਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਸਾਢੇ 7 ਵਜੇ ਮ੍ਰਿਤਕਾ ਸਰਬਜੀਤ ਕੌਰ ਸਕੂਲ ਨੇੜੇ ਪਾਰਕਿੰਗ 'ਚ ਆਪਣੇ ਬੱਚੇ ਨਾਲ ਖੜ੍ਹੀ ਸੀ। ਇਸ ਦੌਰਾਨ ਇਕ ਅਣਪਛਾਤੇ ਵਿਅਕਤੀ ਨੇ ਉਸ 'ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਚੁੱਕੀ ਹੈ, ਜਿਸ ਦੇ ਆਧਾਰ 'ਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾ ਸਰਬਜੀਤ ਕੌਰ ਸਕੂਲ 'ਚ ਪੰਜਾਬੀ ਦੀ ਅਧਿਆਪਕਾ ਸੀ ਅਤੇ ਉਸ ਦਾ ਪਤੀ ਫਰਾਂਸ 'ਚ ਰਹਿੰਦਾ ਹੈ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਛਾਇਆ ਹੋਇਆ ਹੈ, ਉੱਥੇ ਹੀ ਸਰਬਜੀਤ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।