ਹੁਣ ਖਰੜ ਦੇ ਕਾਰੋਬਾਰੀ ਨੂੰ ਜਾਨੋਂ ਮਾਰਨ ਦੀ ਧਮਕੀ, ਮੰਗੀ 4 ਕਰੋੜ ਦੀ ਫ਼ਿਰੌਤੀ
Saturday, Feb 28, 2026 - 04:59 PM (IST)
ਖਰੜ (ਵੈੱਬ ਡੈਸਕ, ਰਣਬੀਰ) : ਖਰੜ ਦੇ ਥਾਣਾ ਸਿਟੀ ਖੇਤਰ 'ਚ ਇੱਕ ਸਥਾਨਕ ਕਾਰੋਬਾਰੀ ਨੂੰ ਅੰਤਰਰਾਸ਼ਟਰੀ ਨੰਬਰ ਤੋਂ 4 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਗੰਭੀਰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸਬੰਧੀ ਅਣਪਛਾਤੇ ਮੋਬਾਇਲ ਨੰਬਰ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ
ਵਿਦੇਸ਼ੀ ਨੰਬਰ ਤੋਂ ਆਈਆਂ ਧਮਕੀਆਂ
ਪੀੜਤ ਕਾਰੋਬਾਰੀ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ 17 ਦਸੰਬਰ 2025 ਤੋਂ ਉਸ ਦੇ ਮੋਬਾਇਲ 'ਤੇ +44 ਨਾਲ ਸ਼ੁਰੂ ਹੋਣ ਵਾਲੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲਾਂ ਅਤੇ ਮੈਸੇਜ ਆ ਰਹੇ ਸਨ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਇੱਕ ਗੈਂਗ ਦਾ ਮੈਂਬਰ ਦੱਸਦਿਆਂ 4 ਕਰੋੜ ਰੁਪਏ ਦੀ ਮੰਗ ਕੀਤੀ ਹੈ। ਮੁਲਜ਼ਮ ਨੇ ਪੀੜਤ ਨੂੰ ਡਰਾਉਣ ਲਈ ਹਾਲ ਹੀ 'ਚ ਮਾਰੇ ਗਏ ਰਾਣਾ ਬਲਾਚੌਰੀਆ ਦੇ ਕਤਲ ਦਾ ਹਵਾਲਾ ਦਿੱਤਾ। ਧਮਕੀ ਦਿੰਦਿਆਂ ਮੁਲਜ਼ਮ ਨੇ ਕਿਹਾ ਕਿ ਰਾਣਾ ਦਾ ਕੰਮ ਤਾਂ ਕਰ ਦਿੱਤਾ, ਹੁਣ ਤੂੰ ਆਪਣਾ ਜੁਗਾੜ ਕਰ ਲੈ। ਜੇ ਪੈਸੇ ਨਹੀਂ ਦਿੱਤੇ ਤਾਂ ਤੇਰੇ ਨਾਲ ਵੀ ਉਹੀ ਹੋਵੇਗਾ।
ਘਰ ਦੀ ਰੇਕੀ ਹੋਣ ਦਾ ਖਦਸ਼ਾ
ਪੀੜਤ ਨੇ ਦੱਸਿਆ ਕਿ ਇਨ੍ਹਾਂ ਧਮਕੀਆਂ ਕਾਰਨ ਉਸ ਦੇ ਪਰਿਵਾਰ 'ਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਉਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ 19 ਦਸੰਬਰ 2025 ਦੀ ਦੇਰ ਰਾਤ ਕੁੱਝ ਸ਼ੱਕੀ ਵਿਅਕਤੀ ਉਸ ਦੇ ਘਰ ਦੇ ਬਾਹਰ ਘੁੰਮਦੇ ਦੇਖੇ ਗਏ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਵੱਲੋਂ ਘਰ ਦੀ ਰੇਕੀ ਵੀ ਕੀਤੀ ਗਈ ਹੋ ਸਕਦੀ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ
ਪੁਲਸ ਵੱਲੋਂ ਮਾਮਲਾ ਦਰਜ
ਖਰੜ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ, ਤਕਨੀਕੀ ਜਾਂਚ ਰਾਹੀਂ ਵਟਸਐਪ ਸੰਦੇਸ਼ਾਂ ਅਤੇ ਕਾਲਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
