ਬਿਜਲੀ ਦੇ ਸ਼ਾਰਟ ਸਰਕਟ ਨਾਲ 25 ਏਕੜ ਕਣਕ ਸੜੀ

Tuesday, Apr 17, 2018 - 08:01 AM (IST)

ਬਿਜਲੀ ਦੇ ਸ਼ਾਰਟ ਸਰਕਟ ਨਾਲ 25 ਏਕੜ ਕਣਕ ਸੜੀ

ਸਮਾਣਾ  (ਦਰਦ) - ਹਲਕਾ ਸਮਾਣਾ ਅਧੀਨ ਪੈਂਦੇ ਪਿੰਡ ਗੱਜੂਮਾਜਰਾ ਵਿਖੇ ਖੇਤਾਂ ਵਿਚ ਅਚਾਨਕ ਅੱਗ ਲੱਗਣ ਕਾਰਨ ਕਰੀਬ 25 ਏਕੜ ਕਣਕ ਦੀ ਫਸਲ ਸੜ ਜਾਣ ਦਾ ਸਮਾਚਾਰ ਹੈ। ਇਸ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਟਰੈਕਟਰਾਂ ਨਾਲ ਅੱਗ ਲੱਗਣ ਵਾਲੇ ਖੇਤਾਂ ਦੇ ਆਲੇ-ਦੁਆਲੇ ਦੀ ਜ਼ਮੀਨ ਵਾਹ ਕੇ ਹੋਰ ਖੇਤਾਂ 'ਚ ਖੜ੍ਹੀ ਕਣਕ ਨੂੰ ਬਚਾਅ ਲਿਆ। ਫਿਰ ਵੀ 25 ਏਕੜ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਅੱਗ 'ਤੇ ਕਾਬੂ ਪਾ ਲਿਆ ਗਿਆ। ਮੌਕੇ 'ਤੇ ਪਸਿਆਣਾ ਪੁਲਸ ਤੋਂ ਬਿਨਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁੱਜਾ। ਬਲਾਕ ਸੰਮਤੀ ਮੈਂਬਰ ਗੁਰਜਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਸਮੇਂ ਬਿਜਲੀ ਦਾ ਸ਼ਾਰਟ ਸਰਕਟ ਹੋ ਜਾਣ ਕਾਰਨ ਤਾਰਾਂ ਵਿਚੋਂ ਨਿਕਲੀ ਚੰਗਿਆੜੀ ਨਾਲ ਮੱਘਰ ਸਿੰਘ ਦੇ ਖੇਤਾਂ ਵਿਚ ਅੱਗ ਲੱਗ ਗਈ, ਜੋ ਹਵਾ ਤੇਜ਼ ਹੋਣ ਕਾਰਨ ਜਲਦੀ ਹੀ ਨਾਲ ਲਗਦੇ ਖੇਤਾਂ ਵਿਚ ਫੈਲ ਗਈ। ਪਿੰਡ ਦੇ ਸੈਂਕੜੇ ਲੋਕਾਂ ਨੇ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਅੱਗ 'ਤੇ ਕਾਬੂ ਪਾ ਕੇ ਹੋਰ ਨੁਕਸਾਨ ਹੋਣ ਤੋਂ ਬਚਾਅ ਲਿਆ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਕਾਰਨ ਖੇਤਾਂ ਵਿਚ ਕਣਕ ਦੀ ਵਾਢੀ ਘੱਟ ਹੋ ਰਹੀ ਹੈ ਪਰ ਕਣਕ ਪੱਕ ਕੇ ਤਿਆਰ ਖੜ੍ਹੀ ਹੈ। ਬੇਅੰਤ ਸਿੰਘ ਦੀ 3 ਏਕੜ, ਬਲਵਿੰਦਰ ਸਿੰਘ ਦੀ 5 ਏਕੜ, ਰੋਡਾ ਸਿੰਘ ਦੀ 3 ਏਕੜ, ਅਜਾਇਬ ਸਿੰਘ ਦੀ 3 ਏਕੜ, ਜਸਪਾਲ ਸਿੰਘ ਦੀ 3 ਏਕੜ ਤੇ ਮੱਘਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਸਦਰਪੁਰ ਦੀ 8 ਏਕੜ ਕਣਕ ਦੀ ਫਸਲ ਸੜ ਗਈ। ਉਨ੍ਹਾਂ ਅੱਗ ਲੱਗਣ ਦਾ ਕਾਰਨ ਦਸਦਿਆਂ ਕਿਹਾ ਕਿ ਪੈਪਸੀਕੋ ਚੰਨੋ ਫੈਕਟਰੀ ਨੂੰ ਜੋ 24 ਘੰਟੇ ਬਿਜਲੀ ਦੀ ਸਪਲਾਈ ਲਈ ਲਾਈਨ ਜਾ ਰਹੀ ਹੈ, ਉਸ ਵਿਚੋਂ ਚੰਗਿਆੜੀ ਨਿਕਲਣ ਕਾਰਨ ਅੱਗ ਲੱਗੀ ਹੈ। ਇਸ ਸਬੰਧੀ ਜਦੋਂ ਪਾਵਰਕਾਮ ਦੇ ਐਕਸੀਅਨ ਦਿੜ੍ਹਬਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਣਕ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਲਾਈਨ ਵਿਚ ਜੰਪਰ ਸੜਨ ਕਾਰਨ ਹੋਏ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮੱਘਰ ਸਿੰਘ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰ ਰਿਹਾ ਹੈ।


Related News