ਸਰਕਾਰੀ ਸਕੂਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਅਹਿਮ ਕਦਮ! ਇਨ੍ਹਾਂ ਸਕੂਲਾਂ ''ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ

Sunday, Dec 21, 2025 - 06:52 PM (IST)

ਸਰਕਾਰੀ ਸਕੂਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਅਹਿਮ ਕਦਮ! ਇਨ੍ਹਾਂ ਸਕੂਲਾਂ ''ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ

ਚੰਡੀਗੜ੍ਹ- ਪੰਜਾਬ ਦੇ ਸਿੱਖਿਆ ਮੰਤਰੀ  ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਕਰੀਅਰ ਸੇਧ ਸਬੰਧੀ ਬਰਾਬਰ ਮੌਕੇ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਆਪਣੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.)-ਅਧਾਰਿਤ ਕਰੀਅਰ ਗਾਈਡੈਂਸ ਨੂੰ ਏਕੀਕ੍ਰਿਤ ਕਰਨ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਪਾਇਲਟ ਪੜਾਅ ਤਹਿਤ  ਸਰਕਾਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ) ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ 25 ਏ. ਆਈ.-ਆਧਾਰਤ ਕਰੀਅਰ ਗਾਈਡੈਂਸ ਲੈਬਾਰਟਰੀਆਂ ਦਾ ਆਗ਼ਾਜ਼ ਕੀਤਾ ਗਿਆ ਹੈ। 

ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੋ ਸਮੇਂ ਇਨ੍ਹਾਂ ਲੈਬਾਰਟਰੀਆਂ ਦਾ ਉਦਘਾਟਨ ਕਰਕੇ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਐਜੂਕੇਸ਼ਨ-ਟੈਕ ਪਾਰਟਨਰ "ਬਿਓਂਡ ਮੈਂਟਰ" ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਇਹ ਪ੍ਰੋਗਰਾਮ ਸੂਬੇ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਰੀਅਰ ਗਾਈਡੈਂਸ ਦੇਵੇਗਾ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਨਗਰ ਕੀਰਤਨ ਦੇ ਹੋਏ ਵਿਰੋਧ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਸਹੀ ਸਮੇਂ 'ਤੇ ਸਹੀ ਸਾਧਨਾਂ ਨਾਲ ਸਸ਼ਕਤ ਬਣਾਉਣ ਹੈ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰਾਜੈਕਟ ਅਧੀਨ ਕਵਰ ਕੀਤੇ ਗਏ 25 ਸਕੂਲਾਂ ਦੀ ਕਾਰਗੁਜ਼ਾਰੀ, ਵਿਦਿਆਰਥੀਆਂ ਦੇ ਨਤੀਜੇ ਅਤੇ ਕਾਰਜ-ਕੁਸ਼ਲਤਾ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ। ਇਸ ਪਹਿਲਕਦਮੀ ਦੇ ਸਫ਼ਲਤਾਪੂਰਵਕ ਲਾਗੂਕਰਨ ਨਾਲ ਪੰਜਾਬ ਭਰ ਵਿੱਚ ਇਸ ਦੇ ਪੜਾਅਵਾਰ ਵਿਸਥਾਰ ਲਈ ਰਾਹ ਪੱਧਰਾ ਹੋ ਜਾਵੇਗਾ, ਜਿਸ ਨਾਲ ਪੰਜਾਬ ਆਪਣੇ ਜਨਤਕ ਸਿੱਖਿਆ ਢਾਂਚੇ ਵਿੱਚ ਯੋਜਨਾਬੱਧ ਏ.ਆਈ.-ਅਧਾਰਤ ਕਰੀਅਰ ਸੇਧ ਨੂੰ ਸ਼ਾਮਲ ਕਰਨ ਵਾਲੇ ਦੇਸ਼ ਦੇ ਮੋਹਰੀ ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ। ਇਹ ਪਹਿਲਕਦਮੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 21ਵੀਂ ਸਦੀ ਦੀ ਆਰਥਿਕਤਾ ਦੀਆਂ ਲੋੜਾਂ ਮੁਤਾਬਕ ਆਪਣੇ ਵਿਦਿਆਰਥੀਆਂ ਨੂੰ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਕਰੀਅਰ ਸੇਧ ਦੀ ਸਹੂਲਤ ਸਿਰਫ਼ ਪੈਸੇ ਵਾਲਿਆਂ ਦਾ ਹੱਕ ਹੀ ਨਹੀਂ ਹੋਣੀ ਚਾਹੀਦੀ ਅਤੇ ਅਸੀਂ ਇਸੇ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਸਕੂਲਾਂ ਵਿੱਚ ਢਾਂਚਾਗਤ, ਏ. ਆਈ.-ਅਧਾਰਤ ਕਾਉਂਸਲਿੰਗ ਸਹੂਲਤ ਪ੍ਰਦਾਨ ਕਰਕੇ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਬੱਚੇ, ਭਾਵੇਂ ਉਸਦਾ ਸਮਾਜਿਕ-ਆਰਥਿਕ ਪਿਛੋਕੜ ਕੁਝ ਵੀ ਹੋਵੇ, ਕੋਲ ਆਪਣੇ ਭਵਿੱਖ ਬਾਰੇ ਮਰਜ਼ੀ ਅਨੁਸਾਰ ਚੋਣ ਦਾ ਮੌਕਾ ਹੋਵੇ।

ਇਹ ਵੀ ਪੜ੍ਹੋ: ਮਨਰੇਗਾ ਦਾ ਨਾਂ ਬਦਲਣ 'ਤੇ ਕਾਂਗਰਸ ਦਾ ਪ੍ਰਦਰਸ਼ਨ! ਰਾਜਾ ਵੜਿੰਗ ਬੋਲੇ-ਕੇਂਦਰ ਕਰ ਰਹੀ ਗ਼ਰੀਬਾਂ ਨਾਲ ਧੱਕਾ

ਏ. ਆਈ.-ਅਧਾਰਤ ਲੈਬਾਰਟਰੀਆਂ ਦੀ ਕਾਰਜ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਡਿਜੀਟਲ ਪਲੇਟਫਾਰਮ 'ਤੇ ਏਆਈ-ਅਧਾਰਤ ਯੋਗਤਾ ਅਤੇ ਦਿਲਚਸਪੀ ਦੀ ਮੁਲਾਂਕਣ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਹੋਵੇਗਾ। ਇਹ ਸਿਸਟਮ ਇਕ ਵਿਅਕਤੀਗਤ ਕਰੀਅਰ ਰਿਪੋਰਟ ਤਿਆਰ ਕਰੇਗਾ, ਜਿਸ ਵਿੱਚ ਵਿਦਿਆਰਥੀ ਦੀਆਂ ਸੰਭਾਵੀ ਅਕਾਦਮਿਕ ਅਤੇ ਕਿੱਤਾਮੁਖੀ ਰੁਚੀਆਂ ਨੂੰ ਉਜਾਗਰ ਕੀਤਾ ਜਾਵੇਗਾ ਅਤੇ ਫਿਰ ਪੇਸ਼ੇਵਰ ਸਲਾਹਕਾਰ ਵਿਦਿਆਰਥੀਆਂ ਨਾਲ ਵਨ-ਟੂ-ਵਨ ਸੈਸ਼ਨ ਕਰਨਗੇ, ਜਿਸ ਵਿੱਚ ਮਾਪਿਆਂ ਨੂੰ ਸ਼ਾਮਲ ਕਰਕੇ ਰਿਪੋਰਟ 'ਤੇ ਚਰਚਾ ਕਰਦਿਆਂ ਇੱਕ ਕਾਰਜਸ਼ੀਲ ਯੋਜਨਾ ਤਿਆਰ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਮਾਡਲ ਰਵਾਇਤੀ ਢੰਗ-ਤਰੀਕਿਆਂ ਤੋਂ ਵੱਖਰਾ ਤਿਆਰ ਕੀਤਾ ਗਿਆ ਹੈ ਤਾਂ ਜੋ ਸ਼ੁਰੂਆਤੀ ਪੜਾਅ- 6ਵੀਂ ਜਮਾਤ ਤੋਂ ਹੀ ਵਿਦਿਆਰਥੀਆਂ ਦੀ ਰੁਚੀ ਮੁਤਾਬਕ ਵਿਅਕਤੀਗਤ, ਡੇਟਾ-ਅਧਾਰਤ ਸੇਧ ਪ੍ਰਦਾਨ ਕੀਤੀ ਜਾ ਸਕੇ। ਪੀ. ਐੱਸ. ਈ. ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਪ੍ਰੀਖਿਆ-ਕੇਂਦ੍ਰਿਤ ਸਿੱਖਿਆ ਤੋਂ ਸੰਪੂਰਨ ਵਿਕਾਸ ਵੱਲ ਤਬਦੀਲੀ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੱਚੀ ਸਿੱਖਿਆ ਉਹੀ ਹੈ ਜੋ ਤੁਹਾਡੇ ਲਈ ਸੁਨਹਿਰੀ ਭਵਿੱਖ ਦੇ ਰਾਹ ਨੂੰ ਖੋਲ੍ਹੇ। ਇਹ ਲੈਬਾਟਰੀਆਂ ਵਿਦਿਆਰਥੀਆਂ ਨੂੰ ਨੰਬਰਾਂ ਦੀ ਦੌੜ ਦੇ ਪੁਰਾਣੇ ਢੰਗ-ਤਰੀਕਿਆਂ ਨਾਲੋਂ ਹਟ ਕੇ ਆਪਣੇ ਕੁਦਰਤੀ ਹੁਨਰ ਨੂੰ ਪਛਾਣਦਿਆਂ ਇਸਨੂੰ ਠੋਸ ਕਰੀਅਰ ਟੀਚਿਆਂ ਵੱਲ ਸੇਧਿਤ ਕਰਨ ਵਿੱਚ ਮਦਦ ਕਰਨਗੀਆਂ।

ਇਹ ਵੀ ਪੜ੍ਹੋ: ਪਾਸਟਰ ਅੰਕੁਰ ਨਰੂਲਾ ਦੇ ਬਿਆਨ 'ਤੇ ਭੜਕਿਆ ਜਲੰਧਰ 'ਚ ਕਤਲ ਕੀਤੀ ਕੁੜੀ ਦਾ ਪਰਿਵਾਰ, ਕਿਹਾ...

ਬਿਓਂਡ ਮੈਂਟਰ ਦੇ ਸੀ. ਈ. ਓ. ਸੌਰਵ ਕੁਮਾਰ ਨੇ ਕਿਹਾ ਕਿ ਸਾਡਾ ਪਲੇਟਫਾਰਮ ਤਕਨਾਲੋਜੀ ਨੂੰ ਮਨੁੱਖੀ ਭਾਵਨਾਵਾਂ ਅਤੇ ਰੁਚੀਆਂ ਨਾਲ ਜੋੜਦਾ ਹੈ। ਏ. ਆਈ. ਸਕੇਲੇਬਲ ਮੁਲਾਂਕਣ ਨੂੰ ਸੰਭਾਲਦਾ ਹੈ ਅਤੇ ਕਾਊਂਸਲਿੰਗ ਦਾ ਕੰਮ ਪੇਸ਼ੇਵਰ ਦੇਖਦੇ ਹਨ, ਜਿਸ ਦੌਰਾਨ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਹਰੇਕ ਬੱਚਾ ਆਪਣੀ ਗੱਲ ਖੁੱਲ੍ਹ ਕੇ ਰੱਖ ਸਕੇ ਅਤੇ ਉਸ ਨੂੰ ਆਪਣੀ ਰੁਚੀ ਮੁਤਾਬਕ ਸਹੀ ਸੇਧ ਮਿਲੇ।

ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਨੰਗਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਅਕਸ਼ਿਤਾ ਨੇ ਸਾਂਝਾ ਕੀਤਾ ਕਿ ਉਹ ਬਹੁਤ ਉਤਸੁਕ ਹੈ ਕਿ ਸਾਡਾ ਸਰਕਾਰੀ ਸਕੂਲ ਕਰੀਅਰ ਸੇਧ ਬਾਰੇ ਇੰਨੀਆਂ ਉੱਨਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਉਸਨੇ ਅੱਗੇ ਕਿਹਾ ਕਿ ਪਹਿਲਾਂ ਸਾਨੂੰ ਸਿਰਫ਼ ਕਰੀਅਰ ਦੇ ਕੁਝ ਆਮ ਵਿਕਲਪਾਂ ਬਾਰੇ ਪਤਾ ਸੀ ਪਰ ਕਾਉਂਸਲਿੰਗ ਸੈਸ਼ਨ ਰਾਹੀਂ ਅਸੀਂ ਕਰੀਅਰ ਦੀਆਂ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਬਾਰੇ ਜਾਣਿਆ। ਉਸਨੇ ਕਿਹਾ ਕਿ ਅਜਿਹੀ ਕਰੀਅਰ ਸੇਧ ਆਮ ਤੌਰ 'ਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਲਦੀ ਸੀ। ਅਕਸ਼ਿਤਾ ਦੇ ਪਿਤਾ ਸ੍ਰੀ ਵਿਸ਼ਾਲ ਸ਼ਰਮਾ ਨੇ ਰਾਜ ਸਰਕਾਰ ਦੀ ਸਮਾਵੇਸ਼ੀ ਪਹੁੰਚ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਮੇਰੇ ਲਈ ਆਪਣੀ ਧੀ ਨਾਲ ਕਾਉਂਸਲਿੰਗ ਸੈਸ਼ਨ ਦਾ ਹਿੱਸਾ ਬਣਨਾ ਅਨਮੋਲ ਪਲ ਸੀ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਨੇ ਉਨ੍ਹਾਂ ਦੀ ਬੇਟੀ ਦੇ ਭਵਿੱਖ ਬਾਰੇ ਗੱਲਬਾਤ ਵਿੱਚ ਉਨ੍ਹਾਂ ਨੂੰ ਸ਼ਾਮਲ ਕਰਦਿਆਂ ਇੱਕ ਵੱਖਰਾ ਅਤੇ ਭਰੋਸੇਮੰਦ ਅਨੁਭਵ ਦਿੱਤਾ। 

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਹੋਏ ਨਗਰ ਕੀਰਤਨ ਦੇ ਵਿਰੋਧ ਦੀ ਸੁਖਬੀਰ ਬਾਦਲ ਨੇ ਕੀਤੀ ਸਖ਼ਤ ਨਿੰਦਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸ੍ਰੀ ਅਨੰਦਪੁਰ ਸਾਹਿਬ ਦੀ 6ਵੀਂ ਜਮਾਤ ਦੀ ਵਿਦਿਆਰਥਣ ਸ਼ਰਨ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਮੈਨੂੰ ਆਪਣੀਆਂ ਰੁਚੀਆਂ ਅਤੇ ਸ਼ਖਸੀਅਤ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕੀਤੀ ਹੈ। ਮੈਨੂੰ ਯਕੀਨ ਹੈ ਕਿ ਇਹ ਪ੍ਰੋਗਰਾਮ ਮੈਨੂੰ ਪੂਰੇ ਵਿਸ਼ਵਾਸ ਨਾਲ ਆਪਣੇ ਕਰੀਅਰ ਦੀ ਚੋਣ ਵਿੱਚ ਮਦਦ ਕਰੇਗਾ।

ਇਹ ਵੀ ਪੜ੍ਹੋ: PGI ਦੀ ਰਿਪੋਰਟ ’ਚ ਹੈਰਾਨੀਜਨਕ ਖ਼ੁਲਾਸਾ! ਔਰਤਾਂ ਤੇ ਪੁਰਸ਼ਾਂ 'ਚ ਵਧਿਆ ਇਸ ਭਿਆਨਕ ਬੀਮਾਰੀ ਦਾ ਖ਼ਤਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News