ਪਿੰਡ ਰਾਏਸਰ 'ਚ ਵੋਟਿੰਗ ਅਮਨ-ਅਮਾਨ ਨਾਲ ਮੁਕੰਮਲ, 63.86 ਫ਼ੀਸਦੀ ਹੋਈ ਪੋਲਿੰਗ

Tuesday, Dec 16, 2025 - 05:17 PM (IST)

ਪਿੰਡ ਰਾਏਸਰ 'ਚ ਵੋਟਿੰਗ ਅਮਨ-ਅਮਾਨ ਨਾਲ ਮੁਕੰਮਲ, 63.86 ਫ਼ੀਸਦੀ ਹੋਈ ਪੋਲਿੰਗ

ਮਹਿਲ ਕਲਾਂ (ਹਮੀਦੀ): ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਰਾਏਸਰ ਵਿਖੇ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਰਾਏਸਰ ਵਿਚ ਸਥਾਪਿਤ ਬੂਥ ਨੰਬਰ 20 ’ਤੇ ਮੁੜ ਵੋਟਿੰਗ ਕਰਵਾਈ ਗਈ, ਜੋ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ। ਪੋਲਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ, ਜੋ ਸ਼ਾਮ 4 ਵਜੇ ਤੱਕ ਸਖ਼ਤ ਪੁਲਸ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਵੋਟਿੰਗ ਦੌਰਾਨ ਵੋਟਰਾਂ ਵੱਲੋਂ ਬੜੇ ਉਤਸ਼ਾਹ ਨਾਲ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਇੱਥੇ ਕੁੱਲ 63.86 ਫ਼ੀਸਦੀ ਪੋਲਿੰਗ ਹੋਈ। ਸਵੇਰੇ ਸਾਢੇ 11 ਵਜੇ ਤੱਕ 25 ਫੀਸਦੀ, ਦੁਪਹਿਰ 1 ਵਜੇ ਤਕ 45 ਫ਼ੀਸਦੀ ਤੇ 2 ਵਜੇ ਤੱਕ 52.4% ਦੇ ਕਰੀਬ ਵੋਟਿੰਗ ਪੋਲ ਹੋ ਚੁੱਕੀ ਸੀ।

ਡਿਊਟੀ ’ਤੇ ਤਾਇਨਾਤ ਅਧਿਕਾਰੀ ਪੰਜਾਬ ਮੰਡੀ ਬੋਰਡ ਦੇ ਕਲਰਕ ਪੀ.ਓ. ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਥ ਨੰਬਰ 20 ’ਤੇ ਕੁੱਲ 851 ਵੋਟਰ ਦਰਜ ਸਨ, ਜਿਨ੍ਹਾਂ ਵਿੱਚੋਂ 443 ਮਰਦ ਅਤੇ 408 ਔਰਤਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ 542 ਵੋਟਰਾਂ ਨੇ ਆਪਣਾ ਮਤਾਧਿਕਾਰ ਵਰਤਿਆ, ਜੋ ਕਿ 63.86 ਫੀਸਦੀ ਮਤਦਾਨ ਬਣਦਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਪਵਾਉਣ ਦੀ ਪ੍ਰਕਿਰਿਆ ਪੂਰੇ ਅਮਨ-ਅਮਾਨ ਨਾਲ ਸਫ਼ਲਤਾਪੂਰਕ ਮੁਕੰਮਲ ਕਰ ਲਈ ਗਈ ਹੈ ਅਤੇ ਹੁਣ ਉਮੀਦਵਾਰਾਂ ਦੀ ਕਿਸਮਤ ਬੈਲਟ ਪੇਪਰਾਂ ਵਾਲੇ ਬਕਸਿਆਂ ਵਿੱਚ ਬੰਦ ਹੋ ਚੁੱਕੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਐਸ.ਡੀ. ਕਾਲਜ ਬਰਨਾਲਾ ਵਿਖੇ ਕਰਵਾਈ ਜਾਵੇਗੀ, ਜਿਸ ਉਪਰੰਤ ਨਤੀਜੇ ਐਲਾਨੇ ਜਾਣਗੇ।

ਇਸ ਤੋਂ ਪਹਿਲਾਂ ਅੱਜ ਸਵੇਰੇ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਐੱਸ.ਪੀ.ਐੱਸ. ਬਰਨਾਲਾ ਅਸ਼ੋਕ ਕੁਮਾਰ ਨੇ ਬੂਥ ’ਤੇ ਚੱਲ ਰਹੀ ਪ੍ਰਕਿਰਿਆ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਸੁਰੱਖਿਆ ਪ੍ਰਬੰਧ ਪੱਕੇ ਕੀਤੇ ਗਏ ਹਨ ਅਤੇ ਚੋਣ ਪ੍ਰਕਿਰਿਆ ਪੂਰੇ ਅਮਨ-ਅਮਾਨ ਨਾਲ ਸੰਪੰਨ ਕਰਵਾਈ ਜਾ ਰਹੀ ਹੈ। ਐੱਸ.ਪੀ.ਐੱਸ. ਅਸ਼ੋਕ ਕੁਮਾਰ ਨੇ ਕਿਹਾ ਕਿ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਕੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਵੋਟਰ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਰੰਤ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਜਾਣੂ ਕਰਵਾ ਸਕਦਾ ਹੈ, ਤਾਂ ਜੋ ਸਮੇਂ ਸਿਰ ਉਸਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਵੋਟਰਾਂ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਮਨਪਸੰਦ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਡੀ.ਐੱਸ.ਪੀ. ਸਬ ਡਿਵੀਜ਼ਨ ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ, ਥਾਣਾ ਮਹਿਲ ਕਲਾਂ ਦੇ ਮੁਖੀ ਸਰਬਜੀਤ ਸਿੰਘ ਰੰਗੀਆਂ, ਏ.ਐੱਸ.ਆਈ. ਬਲਵਿੰਦਰ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਰਹੇ। ਪੁਲਸ ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਹਰ ਤਰ੍ਹਾਂ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਵੋਟਿੰਗ ਦੌਰਾਨ ਪੋਲਿੰਗ ਬੂਥ ’ਤੇ ਵੋਟਾਂ ਪਾਉਣ ਆਏ ਲੋਕਾਂ ਵਿੱਚ ਖਾਸ ਉਤਸਾਹ ਦੇਖਣ ਨੂੰ ਮਿਲਿਆ ਅਤੇ ਚੋਣ ਪ੍ਰਕਿਰਿਆ ਸ਼ਾਂਤੀਪੂਰਕ ਢੰਗ ਨਾਲ ਜਾਰੀ ਰਹੀ।

 


author

Anmol Tagra

Content Editor

Related News