ਕੈਨੇਡਾ ਦੇ ਵਰਕ ਪਰਮਿਟ ਦਾ ਝਾਂਸਾ ਦੇ ਕੇ 20 ਲੱਖ ਦੀ ਠੱਗੀ, ਮਾਮਲਾ ਦਰਜ
Saturday, Oct 08, 2022 - 06:15 PM (IST)
ਜਲੰਧਰ (ਵਰੁਣ) : ਬੀ.ਐੱਮ.ਸੀ. ਚੌਕ ਨੇੜੇ ਸੰਜੇ ਗਾਂਧੀ ਮਾਰਕੀਟ ਵਿਚ ਸਥਿਤ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਐਂਡ ਸਰਵਿਸ ਦੇ ਮਾਲਕ ਵਿਨੀਤ ਬੇਰੀ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਨੇ ਇਕ ਹੋਰ ਫਰਾਡ ਦੀ ਐੱਫ.ਆਈ.ਆਰ. ਦਰਜ ਹੋਈ ਹੈ। ਇਸ ਤੋਂ ਪਹਿਲਾਂ ਵਿਨੀਤ ਬੇਰੀ ਅਤੇ ਉਸ ਦੀ ਪਤਨੀ ਮੋਨਾ ਸ਼ਰਮਾ ਵਾਸੀ ਨੰਦਨਪੁਰ ਖ਼ਿਲਾਫ਼ 5 ਕੇਸ ਦਰਜ ਹੋ ਚੁੱਕੇ ਹਨ, ਜਦੋਂ ਕਿ ਇਸ 6ਵੇਂ ਮਾਮਲੇ ਵਿਚ ਸਿਰਫ ਵਿਨੀਤ ਨੂੰ ਹੀ ਨਾਮਜ਼ਦ ਕੀਤਾ ਗਿਆ ਹੈ। ਅਜੇ ਤਕ ਮੁਲਜ਼ਮ ਪਤੀ-ਪਤਨੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ - ਨਿਗਮ ਵੱਲੋਂ 4 ਮਹੀਨੇ ਪਹਿਲਾਂ ਲਾਏ 40 ਸਪੀਡ ਬ੍ਰੇਕਰ CM ਦਫ਼ਤਰ ਦੇ ਹੁਕਮਾਂ ’ਤੇ ਤੋੜ ਦਿੱਤੇ ਗਏ, ਲੱਖਾਂ ਰੁਪਏ ਬਰਬਾਦ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਦਸੂਹਾ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਉਸ ਨੇ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਐਂਡ ਸਰਵਿਸ ਦੀ ਐਡ ਦੇਖੀ ਸੀ। ਨਵੰਬਰ 2020 ਨੂੰ ਉਹ ਸੰਜੇ ਗਾਂਧੀ ਮਾਰਕੀਟ ਸਥਿਤ ਏਜੰਟ ਵਿਨੀਤ ਬੇਰੀ ਦੇ ਦਫਤਰ ਗਿਆ। ਬੇਰੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਕਈ ਲੋਕਾਂ ਨੂੰ ਵਿਦੇਸ਼ ਭੇਜ ਚੁੱਕਿਆ ਹੈ ਅਤੇ ਉਸ ਨੂੰ ਵੀ ਵਰਕ ਪਰਮਿਟ ’ਤੇ ਕੈਨੇਡਾ ਭੇਜ ਦੇਵੇਗਾ। ਗੁਰਜਿੰਦਰ ਸਿੰਘ ਉਸ ਦੀਆਂ ਗੱਲਾਂ ਵਿਚ ਆ ਗਿਆ। ਬੇਰੀ ਨੇ ਵੀਜ਼ਾ ਲਵਾਉਣ ਬਦਲੇ 20 ਤੋਂ 22 ਲੱਖ ਰੁਪਏ ਦਾ ਖਰਚਾ ਦੱਸਿਆ। ਗੁਰਜਿੰਦਰ ਸਿੰਘ ਨੇ ਹੌਲੀ-ਹੌਲੀ ਬੇਰੀ ਨੂੰ ਕੁੱਲ੍ਹ 20 ਲੱਖ ਰੁਪਏ ਦੇ ਦਿੱਤੇ, ਜਿਸ ਵਿਚੋਂ ਕੁਝ ਪੈਸੇ ਨਕਦ ਦਿੱਤੇ ਗਏ, ਜਦੋਂ ਕਿ ਬਾਕੀ ਦੇ ਪੈਸੇ ਬੈਂਕ ਵਿਚ ਟਰਾਂਸਫਰ ਕੀਤੇ ਗਏ ਸਨ। ਪੈਸਿਆਂ ਨਾਲ ਉਸ ਨੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੀ ਵਿਨੀਤ ਬੇਰੀ ਨੂੰ ਦਿੱਤੇ। ਉਸ ਨੇ ਤਕਰੀਬਨ ਇਕ ਸਾਲ ਦਾ ਸਮਾਂ ਲਿਆ।
ਇਹ ਵੀ ਪੜ੍ਹੋ - ਜਲੰਧਰ ਵਿਖੇ ਪੁਲਸ ਹਿਰਾਸਤ 'ਚੋਂ ਰਾਤ ਨੂੰ ਫਰਾਰ ਹੋਈ ਕੁੜੀ, ਕੁਝ ਘੰਟਿਆਂ ਬਾਅਦ ਅੰਮ੍ਰਿਤਸਰ ਤੋਂ ਕੀਤਾ ਕਾਬੂ
ਸਮਾਂ ਬੀਤਣ ਤੋਂ ਬਾਅਦ ਉਸ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਗੁਰਜਿੰਦਰ ਸਿੰਘ ਜਦੋਂ ਬੇਰੀ ਦੇ ਦਫਤਰ ਆਉਂਦਾ ਤਾਂ ਉਹ ਟਾਲ-ਮਟੋਲ ਕਰ ਕੇ ਉਸ ਨੂੰ ਵਾਪਸ ਭੇਜ ਦਿੰਦਾ। ਜਦੋਂ ਬੇਰੀ ਦੇ ਤਿੰਨੋਂ ਮੋਬਾਇਲ ਨੰਬਰ ਬੰਦ ਹੋਏ ਤਾਂ ਸ਼ੱਕ ਪੈਣ ’ਤੇ ਉਹ ਮਾਰਚ 2022 ਨੂੰ ਵਿਨੀਤ ਬੇਰੀ ਦੇ ਦਫਤਰ ਆਇਆ ਤਾਂ ਉੱਥੇ ਤਾਲੇ ਲਟਕ ਰਹੇ ਸਨ। ਆਲੇ-ਦੁਆਲਿਓਂ ਪਤਾ ਲੱਗਾ ਕਿ ਵਿਨੀਤ ਬੇਰੀ ਅਤੇ ਉਸ ਦੀ ਪਤਨੀ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਏ ਹਨ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਕਰ ਕੇ ਵਿੋਨੀਤ ਬੇਰੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਜਲਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।