ਕੈਪਟਨ ਸ਼ਾਸਨ ਦੇ 10 ਮਹੀਨਿਆਂ ਦੌਰਾਨ ਪੰਜਾਬ ''ਚ 368 ਕਿਸਾਨਾਂ ਨੇ ਕੀਤੀ ਖੁਦਕੁਸ਼ੀ : ਅਰੋੜਾ

01/17/2018 5:52:21 PM

ਨਾਭਾ (ਜੈਨ) : ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਇਥੇ 'ਆਪ' ਵਰਕਰਾਂ ਨਾਲ ਮਿਲਣੀ ਤੋਂ ਬਾਅਦ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਿਰਫ ਸੱਤਾ ਪ੍ਰਾਪਤ ਕਰਨ ਲਈ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਕੈਪਟਨ ਨੇ ਪਿੰਡ-ਪਿੰਡ ਫਾਰਮ ਭਰਵਾਏ ਕਿ ਮੈਂ ਘਰ-ਘਰ ਨੌਕਰੀ ਦਵਾਂਗਾ ਅਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕਰਾਂਗਾ ਪਰ ਪਿਛਲੇ 10 ਮਹੀਨਿਆਂ ਦੇ ਸ਼ਾਸਨ ਦੌਰਾਨ ਕਰਜ਼ੇ ਮੁਆਫ ਨਹੀਂ ਕੀਤੇ ਗਏ ਅਤੇ ਨਾ ਹੀ ਘਰ-ਘਰ ਨੌਕਰੀਆਂ ਦਿੱਤੀਆਂ ਗਈਆਂ ਜੋ ਪੰਜਾਬ ਵਾਸੀਆਂ ਨਾਲ ਵੱਡਾ ਧੋਖਾ ਹੈ। ਅਰੋੜਾ ਨੇ ਕਿਹਾ ਕਿ ਹੁਣ ਤੱਕ ਸੂਬੇ ਵਿਚ ਕੈਪਟਨ ਸਰਕਾਰ ਨੇ ਝੂਠੇ ਵਾਅਦੇ ਤੋਂ ਪਰੇਸ਼ਾਨ ਹੋ ਕੇ 10 ਮਹੀਨਿਆਂ ਵਿਚ 368 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਜੋ ਇਕ ਰਿਕਾਰਡ ਹੈ।
ਅਰੋੜਾ ਨੇ ਕਿਹਾ ਕਿ ਪੈਨਸ਼ਨਾਂ ਦੀ ਰਾਸ਼ੀ 500 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਜਦੋਂ ਕਿ ਹੋਰ ਸੂਬਿਆਂ ਵਿਚ 1600 ਤੇ ਦੋ ਹਜ਼ਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਮਿਲਦੀ ਹੈ। ਕੈਪਟਨ ਸਰਕਾਰ ਹਰੇਕ ਫਰੰਟ 'ਤੇ ਫੇਲ ਹੋਈ ਹੈ। ਨਿਗਮ ਚੋਣਾਂ ਵਿਚ ਲੋਕਤੰਤਰ ਦਾ ਜਨਾਜ਼ਾ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਧਾਰਕਾਂ ਨੂੰ ਚਾਹ ਪੱਤੀ ਤੇ ਖੰਡ ਤਾਂ ਕੀ ਦੇਣੀ ਸੀ ਆਟਾ ਦਾਲ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਸਰਕਾਰ ਪਾਸ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਰਾਸ਼ੀ ਨਹੀਂ ਹੈ ਜਦਕਿ ਮੁੱਖ ਮੰਤਰੀ ਨੇ ਆਪਣੇ ਸਲਾਹਕਾਰਾਂ ਦੀ ਵੱਡੀ ਫੌਜ ਤਾਇਨਾਤ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਦਿੱਤਾ ਹੈ, ਜਿਸ ਖਿਲਾਫ 'ਆਪ' ਸੂਬਾ ਪੱਧਰੀ ਸੰਘਰਸ਼ ਕਰੇਗੀ।


Related News