ਪੁੱਤਾਂ ਵਾਂਗ ਪਾਲੀ 10 ਏਕੜ ਕਣਕ ਤੇ 12 ਏਕੜ ਨਾੜ ਸੜ ਕੇ ਸੁਆਹ, ਕਿਸਾਨਾਂ ਨੇ ਲਾਇਆ ਇਹ ਇਲਜ਼ਾਮ

04/26/2024 5:28:05 PM

ਅੰਮ੍ਰਿਤਸਰ (ਦਲਜੀਤ)-ਹਲਕਾ ਉੱਤਰੀ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਵਿਚ ਦੋ ਕਿਸਾਨਾਂ ਦੀ 10 ਕਿੱਲੇ ਦੇ ਕਰੀਬ ਕਣਕ ਅਤੇ 12 ਕਿੱਲੇ ਦੇ ਕਰੀਬ ਨਾੜ ਸੜ ਕੇ ਸਵਾਹ ਹੋ ਗਿਆ। ਕਿਸਾਨਾਂ ਦਾ ਦੋਸ਼ ਹੈ ਕਿ ਬਿਜਲੀ ਵਿਭਾਗ ਦੀ ਨਲਾਇਕੀ ਕਾਰਨ ਹੋਏ ਸ਼ਾਰਟ ਸਰਕਟ ਕਾਰਨ ਕਣਕ ਨੂੰ ਅੱਗ ਲੱਗੀ ਹੈ। ਬਾਅਦ ਦੁਪਹਿਰ ਅੱਗ ਲੱਗਣ ਦੀ ਘਟਨਾ ਵਾਪਰਨ ਤੋਂ ਬਾਅਦ ਤਕਰੀਬਨ ਸ਼ਾਮ 7 ਵਜੇ ਤੱਕ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਅੱਗ ਬੁਝਾਉਣ ਵਾਲੀ ਕੋਈ ਫਾਈਰ ਬ੍ਰਿਗੇਡ ਦੀ ਗੱਡੀ ਉੱਥੇ ਕਿਸਾਨਾਂ ਦੀ ਸਾਰ ਲੈਣ ਆਈ। ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਆਪਣੀਆਂ ਅੱਖਾਂ ਸਾਹਮਣੇ ਅੱਗ ਲੱਗਦਾ ਵੇਖ ਕਿਸਾਨ ਭੁੱਬਾਂ ਮਾਰ-ਮਾਰ ਕੇ ਰੋ ਰਹੇ ਸਨ ਅਤੇ ਪ੍ਰਸ਼ਾਸਨ ਨੂੰ ਕਸੂਰਵਾਰ ਠਹਿਰਾ ਕੇ ਆਪਣੇ ਦਿਲ ਦੀ ਭੜਾਸ ਕੱਢ ਰਹੇ ਸਨ।

ਇਹ ਵੀ ਪੜ੍ਹੋ- ਪ੍ਰੇਮਿਕਾ ਦਾ ਅੱਧਾ ਬਰਗਰ ਖਾਣ ’ਤੇ ਛਿੜਿਆ ਵਿਵਾਦ, ਸੇਵਾਮੁਕਤ SSP ਦੇ ਪੁੱਤਰ ਨੇ ਦੋਸਤ ਦਾ ਗੋਲੀ ਮਾਰ ਕੀਤਾ ਕਤਲ

PunjabKesari

ਜਾਣਕਾਰੀ ਅਨੁਸਾਰ ਪਿੰਡ ਨੌਸ਼ਹਿਰਾ ਵਿਚ 17 ਕਿੱਲੇ ਕਣਕ ਕਿਸਾਨ ਮਲੂਕ ਸਿੰਘ ਵੱਲੋਂ ਪੈਲੀ ਠੇਕੇ ’ਤੇ ਲੈ ਕੇ ਕਾਸ਼ਤ ਕੀਤੀ ਗਈ ਸੀ। ਇਸੇ ਤਰ੍ਹਾਂ ਕਿਸਾਨ ਗੁਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵੱਲੋਂ ਪੰਜ ਏਕੜ ਵਿਚ ਕਣਕ ਬੀਜੀ ਗਈ ਸੀ। ਕਿਸਾਨ ਮਲੂਕ ਸਿੰਘ ਨੇ ਦੱਸਿਆ ਕਿ ਉਸ ਦੀ 17 ਏਕੜ ਵਿਚ ਕਣਕ ਦੀ ਬਿਜਾਈ ਕੀਤੀ ਸੀ, ਜਿਸ ਵਿਚੋਂ 12 ਕਿੱਲੇ ਕਣਕ ਵੱਢ ਲਈ ਗਈ ਸੀ, ਜਦਕਿ ਪੰਜ ਕਿੱਲੇ ਕਣਕ ਦੀ ਕਟਾਈ ਕਰਨੀ ਸੀ। ਇਸੇ ਤਰ੍ਹਾਂ ਕਿਸਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ 5 ਏਕੜ ਪੱਕੀ ਫਸਲ ਨੂੰ ਅੱਗ ਲੱਗਣ ਕਾਰਨ ਸੜ ਕੇ ਸਵਾਹ ਹੋ ਗਈ ਹੈ। ਮਲੂਕ ਸਿੰਘ ਅਨੁਸਾਰ ਬਾਅਦ ਦੁਪਹਿਰ ਏ. ਪੀ. ਫੀਡਰ-3 ਫੇਸ ਦੀ ਸਪਲਾਈ ਬੰਦ ਨਾ ਹੋਣ ਕਰ ਕੇ ਅਚਾਨਕ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਦੌਰਾਨ ਉਨ੍ਹਾਂ ਦੇ ਮੁਲਾਜ਼ਮ ਮੌਕੇ ’ਤੇ ਮੌਜੂਦ ਸਨ। ਸ਼ਾਰਟ ਸਰਕਟ ਕਾਰਨ ਲੱਗੀ ਅੱਗ ਤੇਜ਼ੀ ਨਾਲ ਖੜੀ ਕਣਕ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈਣ ਲੱਗੀ। ਮੁਲਾਜ਼ਮਾਂ ਵੱਲੋਂ ਉਨ੍ਹਾਂ ਅਤੇ ਦੂਸਰੇ ਕਿਸਾਨ ਗੁਰਪਾਲ ਸਿੰਘ ਨੂੰ ਤੁਰੰਤ ਜਾਣਕਾਰੀ ਦਿੱਤੀ ਅਤੇ ਉਹ ਖੁਦ ਅੱਗ ਬੁਝਾਉਣ ਦੀ ਲਈ ਕਾਫ਼ੀ ਕੋਸ਼ਿਸ਼ ਕਰਦੇ ਰਹੇ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ 10 ਕਿੱਲੇ ਕਣਕ ਅਤੇ 12 ਕਿੱਲੇ ਨਾੜ ਨੂੰ ਸਾੜ ਦਿੱਤਾ।

ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ: ਪਸ਼ੂਆਂ ਨਾਲ ਹਵਸ ਮਿਟਾਉਂਦਾ ਰਿਹਾ ਦਰਿੰਦਾ

ਮਲੂਕ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾਂ ਹੀ ਆੜ੍ਹਤੀਏ ਕੋਲੋਂ ਕਰਜ਼ਾ ਲੈ ਕੇ ਠੇਕੇ ’ਤੇ ਪੈਲੀ ਅਤੇ ਕਣਕ ਦੀ ਬਿਜਾਈ ਕੀਤੀ ਸੀ। ਬਿਜਲੀ ਵਿਭਾਗ ਦੀ ਨਲਾਇਕੀ ਕਾਰਨ ਸ਼ਾਰਟ ਸਰਕਟ ਨਾਲ ਉਸ ਦੀ ਪੁੱਤਾਂ ਵਾਂਗ ਸਾਂਭੀ ਹੋਈ ਫਸਲ ਸੜ ਕੇ ਸਵਾਹ ਹੋ ਗਈ ਹੈ। ਅੱਖਾਂ ਵਿਚ ਅੱਥਰੂ ਲੈ ਕੇ ਮਲੂਕ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ 4 ਵਜੇ ਉਨ੍ਹਾਂ ਨੇ ਕੰਬਾਈਨ ਨੂੰ ਬੁਲਾਇਆ ਸੀ ਅਤੇ ਫਸਲ ਦੀ ਕਟਾਈ ਕਰਨੀ ਸੀ। ਸ਼ਾਮ ਦੇ ਤਕਰੀਬਨ 7 ਵਜ ਚੁੱਕੇ ਹਨ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਜ਼ਖਮਾਂ ’ਤੇ ਮਲ੍ਹਮ ਲਾਉਣ ਦੀ ਬਜਾਏ ਉਨ੍ਹਾਂ ਦਾ ਹਾਲ ਪੁੱਛਣ ਵੀ ਨਹੀਂ ਆਇਆ ਹੈ।

ਉਧਰ ਦੂਸਰੇ ਪਾਸੇ ਕਿਸਾਨ ਗੁਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਸਲ ਪੱਕਣ ’ਤੇ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੋਟਰ ਨੂੰ ਜਾਣ ਵਾਲੀ ਬਿਜਲੀ ਦੀ ਲਾਈਟ ਬੰਦ ਕਰਨ ਲਈ ਫੋਨ ਦੇ ਰਾਹੀਂ ਸੰਪਰਕ ਸਾਧੇ ਗਏ ਸਨ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕੰਨ ’ਤੇ ਜੂ ਨਾ ਸਰਕਦਿਆਂ ਹੋਇਆ ਉਨ੍ਹਾਂ ਦੀ ਕਿਸੇ ਵੀ ਗੱਲ ਦੀ ਸੁੱਧ ਨਹੀਂ ਲਈ, ਜਿਸ ਕਾਰਨ ਅੱਜ ਉਨ੍ਹਾਂ ਦੀ ਪੰਜ ਕਿੱਲੇ ਪੂਰੀ ਪੱਕੀ ਹੋਈ ਫਸਲ ਸੜ ਕੇ ਸਵਾਹ ਹੋ ਗਈ ਹੈ।

ਇਹ ਵੀ ਪੜ੍ਹੋ- ਮਜੀਠਾ 'ਚ ਵੱਡੀ ਵਾਰਦਾਤ, ਜਵਾਈ ਵਲੋਂ ਚਾਚੇ ਸਹੁਰੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਨ੍ਹਾਂ ਕਿਹਾ ਕਿ ਇਕ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਹਰ ਸੁਵਿਧਾ ਦੇਣ ਦੀ ਗੱਲ ਕਰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਜਦੋਂ ਕਿਸਾਨਾਂ ਦੀ ਸ਼ਾਰਟ ਸਰਕਟ ਕਾਰਨ ਫਸਲ ਸੜ ਰਹੀ ਹੁੰਦੀ ਹੈ ਤਾਂ ਨੰਬਰ ਬਣਾਉਣ ਵਾਲੇ ਇਹੀ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਮੌਕੇ ’ਤੇ ਨਹੀਂ ਆਉਂਦੇ ਹਨ। ਗੁਰਪਾਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸਾਰਾ ਸੀਜ਼ਨ ਉਹ ਫਸਲ ਨੂੰ ਆਪਣੇ ਬੱਚਿਆਂ ਵਾਂਗ ਸੰਭਾਲਦੇ ਰਹੇ ਹਨ ਅਤੇ ਜਦੋਂ ਅੱਜ ਵਾਢੀ ਕਰਨੀ ਸੀ ਤਾਂ ਬਿਜਲੀ ਵਿਭਾਗ ਦੀ ਨਲਾਇਕੀ ਕਾਰਨ ਉਨ੍ਹਾਂ ਦੇ ਬੱਚਿਆਂ ਵਾਂਗ ਸਾਂਭੀ ਫਸਲ ਸੜ ਕੇ ਸਵਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀਆਂ ਵੱਲੋਂ ਫੀਡਰ ਬੰਦ ਨਹੀਂ ਕੀਤਾ ਗਿਆ ਅਤੇ ਜਿਹੜੇ ਅਧਿਕਾਰੀਆਂ ਨੂੰ ਉਨ੍ਹਾਂ ਸਮੇਂ-ਸਮੇਂ ’ਤੇ ਸੂਚਨਾ ਦਿੱਤੀ ਸੀ ਉਨ੍ਹਾਂ ਵੱਲੋਂ ਮੌਕੇ ’ਤੇ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਸਰਕਾਰ ਨੂੰ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਰਕਾਰੀ ਨਿਯਮਾਂ ਤਹਿਤ ਜੋ ਮੁਆਵਜ਼ਾ ਬਣਦਾ ਹੈ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ।

PunjabKesari

ਜਗ ਬਾਣੀ ਵੱਲੋਂ ਸੁਚੇਤ ਕਰਨ ’ਤੇ ਹਰਕਤ ਵਿਚ ਆਏ ਅਧਿਕਾਰੀ

ਇਕ ਪਾਸੇ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਅਫਸੋਸ ਦੀ ਗੱਲ ਹੈ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਸੜ ਰਹੀ ਸੀ ਅਤੇ ਕਿਸਾਨ ਭੁੱਬਾਂ ਮਾਰ ਕੇ ਰੋ ਰਹੇ ਸਨ। ਬਾਅਦ ਦੁਪਹਿਰ ਲੱਗੀ ਅੱਗ ਆਪੇ ਹੀ ਲੋਕਾਂ ਦੀ ਮਦਦ ਦੇ ਨਾਲ ਕਿਸਾਨਾਂ ਵੱਲੋਂ ਬੁਝਾ ਲਈ ਗਈ ਪਰ ਅਫਸੋਸ ਦੀ ਗੱਲ ਹੈ ਕਿ ਤਕਰੀਬਨ 7 ਘੰਟੇ ਬੀਤਣ ਮਗਰੋਂ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ। ਜਗ ਬਾਣੀ ਦੀ ਟੀਮ ਨੇ ਤਕਰੀਬਨ 7 ਵਜੇ ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਇਸ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਆਪਣੇ ਹੇਠਲੇ ਅਧਿਕਾਰੀਆਂ ਤੋਂ ਜਵਾਬ ਮੰਗਦੇ ਹਨ ਜਦਕਿ ਉਨ੍ਹਾਂ ਦੇ ਹੇਠਲੇ ਅਧਿਕਾਰੀ ਮੌਕੇ ’ਤੇ ਕਿਸਾਨਾਂ ਦੀ ਸਾਰ ਲੈਣ ਦੀ ਬਜਾਏ ਜਗ ਬਾਣੀ ਦੀ ਟੀਮ ਕੋਲੋਂ ਵਟੱਸਅਪ ਮੋਬਾਈਲ ਕਾਲਿੰਗ ਰਾਹੀਂ ਰਹੀਂ ਜਾਣਕਾਰੀ ਲੈਂਦੇ ਰਹੇ। ਡਿਪਟੀ ਕਮਿਸ਼ਨਰ ਨੂੰ ਵੀ ਜਦੋਂ ਫੋਨ ਕੀਤਾ ਗਿਆ। ਉਨ੍ਹਾਂ ਨੇ ਫੋਨ ਨਹੀਂ ਉਠਾਇਆ ਅਤੇ ਵ੍ਹਟਸਅੱਪ ਦੇ ਰਾਹੀਂ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਅਧਿਕਾਰੀਆਂ ਪਾਸੋਂ ਰਿਪੋਰਟ ਮੰਗਣ ਦੀ ਗੱਲ ਕਹੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)

ਜੇਕਰ ਪੀੜਤ ਕਿਸਾਨਾਂ ਨੂੰ ਜਲਦ ਮੁਆਵਜ਼ਾ ਨਾ ਮਿਲਿਆ ਤਾਂ ਕਿਰਤੀ ਕਿਸਾਨ ਯੂਨੀਅਨ ਕਰੇਗੀ ਸੰਘਰਸ਼

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਕਣਕ ਸੜਨ ਵਾਲੇ ਹਰੇਕ ਕਿਸਾਨ ਨੂੰ 60 ਹਜ਼ਾਰ ਰੁਪਏ ਮੁਆਵਜ਼ਾ ਫੋਰੀ ਤੌਰ ’ਤੇ ਦਿੱਤਾ ਜਾਵੇ ਅਤੇ ਕਣਕ ਦਾ ਨਾੜ ਸਾੜਨ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੇਹੱਦ ਮਾੜੀ ਗੱਲ ਹੈ ਕਿ ਅੱਗ ਲੱਗਣ ਦੇ ਕਈ ਘੰਟੇ ਬੀਜਣ ਮਗਰੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਉਹ ਪੀੜਤ ਕਿਸਾਨਾਂ ਨਾਲ ਉਨ੍ਹਾਂ ਕਿਹਾ ਕਿ ਬੇਹੱਦ ਮਾੜੀ ਗੱਲ ਹੈ ਕਿ ਅੱਗ ਲੱਗਣ ਦੇ ਕਈ ਘੰਟੇ ਬੀਤਣ ਮਗਰੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਉਹ ਪੀੜਤ ਕਿਸਾਨਾਂ ਨਾਲ ਲਗਾਤਾਰ ਰਾਬਤਾ ਬਣਾਏ ਹੋਏ ਹਨ। ਜੇਕਰ ਪ੍ਰਸ਼ਾਸਨ ਵੱਲੋਂ ਪੀੜਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਜਲਦ ਹੀ ਸੰਘਰਸ਼ ਦੀ ਰੂਪ-ਰੇਖਾ ਉਲੀਕ ਕੇ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News