ਲੁਧਿਆਣਾ : ਈ. ਵੀ. ਐੱਮ. ਮਸ਼ੀਨਾਂ ਦੀ ਸੁਰੱਖਿਆ ਲਈ ਸਖਤ ਪਹਿਰਾ

05/20/2019 4:05:26 PM

ਲੁਧਿਆਣਾ (ਨਰਿੰਦਰ) : ਪੰਜਾਬ ਸਮੇਤ ਪੂਰੇ ਦੇਸ਼ 'ਚ ਸੱਤਵੇਂ ਤੇ ਆਖਰੀ ਗੇੜ ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਹੁਣ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਈ. ਵੀ. ਐੱਮ. ਮਸ਼ੀਨਾਂ ਨੂੰ ਸਖਤ ਸੁਰੱਖਿਆ ਹੇਠ ਸਟਰਾਂਗ ਰੂਮ 'ਚ ਰੱਖਿਆ ਗਿਆ ਹੈ। ਪੰਜਾਬ ਪੁਲਸ, ਸੀ. ਆਰ. ਪੀ. ਐੱਫ. ਅਤੇ ਪੀ. ਏ. ਪੀ. ਦੀਆਂ ਟੁਕੜੀਆਂ ਸਟਰਾਂਗ ਰੂਮ 'ਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਬਾਰੇ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਪੰਜਾਬ ਪ੍ਰਧਾਨ ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਉਹ ਦਿਨ-ਰਾਤ ਸਟਰਾਂਗ ਰੂਮ ਦੇ ਬਾਹਰ ਡਿਊਟੀ ਦੇਣਗੇ ਤਾਂ ਜੋ ਕੋਈ ਵੀ ਗੜਬੜ ਨਾ ਕੀਤੀ ਜਾ ਸਕੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ਦੀ ਜਿੱਤ ਦਾ ਦਾਅਵਾ ਵੀ ਕੀਤਾ।

ਸਟਰਾਂਗ ਰੂਮ ਦੀ ਸੁਰੱਖਿਆ ਸਬੰਧੀ ਜਾਣਕਾਰੀ ਦਿੰਦਿਆਂ ਸੁਰੱਖਿਆ ਅਫਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਤਸੱਲੀ ਲਈ ਇੱਥੇ ਉਨ੍ਹਾਂ ਦੇ ਨੁਮਾਇੰਦੇ ਵੀ ਤਾਇਨਾਤ ਕੀਤੇ ਜਾਂਦੇ ਹਨ ਪਰ ਪੁਲਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਵਿਅਕਤੀ ਦਾ ਅੰਦਰ ਆਉਣਾ ਸਖਤ ਮਨ੍ਹਾ ਹੈ।


Babita

Content Editor

Related News