ਲੁਧਿਆਣਾ ''ਚ ਕਾਰੋਬਾਰੀ ਨੇ ਕਰ ਲਈ ਖ਼ੁਦਕੁਸ਼ੀ! ਜਾਣੋ ਕਿਉਂ ਚੁੱਕਿਆ ਖ਼ੌਫ਼ਨਾਕ ਕਦਮ
Tuesday, Mar 03, 2026 - 05:48 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਇਕ ਕਾਰੋਬਾਰੀ ਨੇ ਖ਼ੁਦਕੁਸ਼ੀ ਕਰ ਲਈ ਹੈ। ਬੈਂਕ ਲੋਨ ਲੈ ਕੇ ਫੈਕਟਰੀ ਚਲਾਉਣ ਵਾਲੇ ਅਮਿਤਾਭ ਕੁਮਾਰ ਨੇ ਕਥਿਤ ਤੌਰ 'ਤੇ ਤਿੰਨ ਲੋਕਾਂ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਥਾਣਾ ਹੈਬੋਵਾਲ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਮਨੀਸ਼ ਕੁਮਾਰ, ਬੰਟੀ ਅਤੇ ਅਰਵਿੰਦ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਤਨੀ ਉਰਮਿਲਾ ਦੇਵੀ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 27 ਫਰਵਰੀ ਨੂੰ ਅਮਿਤਾਭ ਕੁਮਾਰ ਉਸ ਨੂੰ ਅਤੇ ਬੱਚਿਆਂ ਨੂੰ ਬਿਹਾਰ ਭੇਜਣ ਲਈ ਟ੍ਰੇਨ ਵਿਚ ਬਿਠਾ ਕੇ ਵਾਪਸ ਘਰ ਪਰਤੇ ਸਨ। ਪਰ ਅਗਲੇ ਹੀ ਦਿਨ 28 ਫਰਵਰੀ ਨੂੰ ਉਨ੍ਹਾਂ ਨੂੰ ਫ਼ੋਨ 'ਤੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਪਤੀ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਖ਼ਬਰ ਸੁਣਦੇ ਹੀ ਪਤਨੀ ਰਸਤੇ ਵਿਚੋਂ ਹੀ ਵਾਪਸ ਲੁਧਿਆਣਾ ਪਰਤ ਆਈ। ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਬੰਟੀ ਨਾਂ ਦੇ ਵਿਅਕਤੀ ਤੋਂ ਧਾਗਾ ਖਰੀਦਿਆ ਸੀ, ਜਿਸ ਦੀ ਕੁਝ ਪੇਮੈਂਟ ਬਕਾਇਆ ਸੀ। ਇਸੇ ਬਕਾਇਆ ਰਕਮ ਨੂੰ ਲੈ ਕੇ ਮੁਲਜ਼ਮ ਉਸ ਦੇ ਪਤੀ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਸਨ। ਦੋਸ਼ ਹੈ ਕਿ ਮਨੀਸ਼ ਕੁਮਾਰ, ਬੰਟੀ ਅਤੇ ਅਰਵਿੰਦ ਕੁਮਾਰ ਨੇ ਫੈਕਟਰੀ ਵਿਚ ਵੜ ਕੇ ਜ਼ਬਰਦਸਤੀ ਮਸ਼ੀਨਾਂ ਖੋਲ੍ਹਣ ਅਤੇ ਉਖਾੜਨ ਦੀ ਕੋਸ਼ਿਸ਼ ਕੀਤੀ ਸੀ। ਆਪਣੀ ਮਿਹਨਤ ਨਾਲ ਖੜ੍ਹੀ ਕੀਤੀ ਗਈ ਫੈਕਟਰੀ ਦੀਆਂ ਮਸ਼ੀਨਾਂ ਨੂੰ ਬਿਖਰਦਾ ਦੇਖ ਅਤੇ ਮੁਲਜ਼ਮਾਂ ਦੇ ਦਬਾਅ ਅੱਗੇ ਅਮਿਤਾਭ ਕੁਮਾਰ ਮਾਨਸਿਕ ਤੌਰ 'ਤੇ ਟੁੱਟ ਗਏ। ਇਸੇ ਪ੍ਰੇਸ਼ਾਨੀ ਕਾਰਨ ਉਨ੍ਹਾਂ ਨੇ ਫੈਕਟਰੀ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਅਤੇ ਪ੍ਰੇਸ਼ਾਨ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਵਿਚ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
