ਮੋਹਾਲੀ ਤੋਂ ਹੈਦਰਾਬਾਦ ਜਾ ਰਹੇ ਜਹਾਜ਼ ਦੇ ਇੰਜਣ ''ਚੋਂ ਤੇਲ ਲੀਕ, ਦਿੱਲੀ ਵਿਖੇ ਹੰਗਾਮੀ ਲੈਂਡਿੰਗ

Monday, Jul 31, 2017 - 11:07 PM (IST)

ਮੋਹਾਲੀ (ਨਿਆਮੀਆਂ)— ਮੋਹਾਲੀ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਏਅਰਲਾਈਨ ਦੇ ਜਹਾਜ਼ ਵਿਚ ਸਵਾਰ ਯਾਤਰੀਆਂ ਨੂੰ ਅੱਜ ਉਸ ਵੇਲੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਡਾਣ ਦੌਰਾਨ ਇਕ ਇੰਜਣ ਖਰਾਬ ਹੋ ਗਿਆ ਤੇ ਉਸ ਵਿਚੋਂ ਤੇਲ ਲੀਕ ਹੋਣ ਕਾਰਨ ਇਸ ਜਹਾਜ਼ ਦੀ ਦਿੱਲੀ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।  ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਤੋਂ ਹੈਦਰਾਬਾਦ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਇਹ ਉਡਾਣ 6ਈ-274 ਬਾਅਦ ਦੁਪਹਿਰ 2.30 ਵਜੇ ਮੋਹਾਲੀ ਏਅਰਪੋਰਟ ਤੋਂ ਰਵਾਨਾ ਹੋਈ ਸੀ ਅਤੇ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਦੇ ਚਾਲਕ ਦਲ ਨੂੰ ਇਸ ਦੇ ਇੰਜਨ ਵਿਚ ਖਰਾਬੀ ਦਾ ਪਤਾ ਲੱਗਿਆ, ਜਿਸ 'ਤੇ ਜਹਾਜ਼ ਨੂੰ ਐਮਰਜੈਂਸੀ ਹਾਲਤ ਵਿਚ ਦਿੱਲੀ ਵਿਚ ਉਤਾਰਨ ਦਾ ਫੈਸਲਾ ਲਿਆ ਗਿਆ। ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਇਸ ਜਹਾਜ਼ ਨੂੰ ਦਿੱਲੀ ਉਤਾਰ ਲਿਆ ਗਿਆ। ਜਹਾਜ਼ ਵਿਚ 175 ਦੇ ਕਰੀਬ ਯਾਤਰੀ ਸਵਾਰ ਦੱਸੇ ਗਏ, ਜੋ ਸੁਰੱਖਿਅਤ ਹਨ। 
ਇਸ ਉਡਾਣ ਰਾਹੀਂ ਮੋਹਾਲੀ ਤੋਂ ਹੈਦਰਾਬਾਦ ਲਈ ਰਵਾਨਾ ਹੋਏ ਸਥਾਨਕ ਉਦਯੋਗਪਤੀ ਪਰਦੀਪ ਸਿੰਘ ਭਾਰਜ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਇੰਜਨ ਵਿਚੋਂ ਤੇਲ ਲੀਕ ਹੋਣ ਲਗ ਪਿਆ ਤੇ ਇੰਜਨ ਬੰਦ ਹੋਣ ਕਾਰਨ ਚਾਲਕ ਦਲ ਵਲੋਂ ਅਚਾਨਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਇਲਟ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ। ਇਸ ਘਟਨਾ ਨਾਲ ਯਾਤਰੀਆਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਜਹਾਜ਼ ਦੀ ਦਿੱਲੀ ਏਅਰਪੋਰਟ 'ਤੇ ਸੁਰੱਖਿਅਤ ਲੈਂਡਿੰਗ ਹੋਣ ਉਪਰੰਤ ਯਾਤਰੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਦੂਜੀ ਫਲਾਈਟ ਰਾਹੀਂ ਹੈਦਰਾਬਾਦ ਭੇਜਿਆ ਜਾਵੇਗਾ। ਖਬਰ ਲਿਖੇ ਜਾਣ ਤਕ ਇਸ ਫਲਾਈਟ ਦੇ ਯਾਤਰੀਆਂ ਨੂੰ ਦਿੱਲੀ ਏਅਰਪੋਰਟ 'ਤੇ ਆਏ ਦੂਜੇ ਜਹਾਜ ਵਿਚ ਬਿਠਾ ਦਿੱਤਾ ਗਿਆ ਸੀ ਅਤੇ ਯਾਤਰੀ ਉਡਾਣ ਦੀ ਉਡੀਕ ਕਰ ਰਹੇ ਸਨ।


Related News