ਵੱਡਾ ਹਾਦਸਾ : ਪੰਜਾਬ ‘ਚ ਗੈਸ ਲੀਕ ਹੋਣ ਮਗਰੋਂ ਬੇਹੋਸ਼ ਹੋ ਕੇ ਡਿੱਗੇ ਲੋਕ

Saturday, Sep 21, 2024 - 02:55 PM (IST)

ਵੱਡਾ ਹਾਦਸਾ : ਪੰਜਾਬ ‘ਚ ਗੈਸ ਲੀਕ ਹੋਣ ਮਗਰੋਂ ਬੇਹੋਸ਼ ਹੋ ਕੇ ਡਿੱਗੇ ਲੋਕ

ਜਲੰਧਰ (ਕਸ਼ਿਸ਼)- ਜਲੰਧਰ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਦੋਮੋਰੀਆ ਪੁੱਲ ਨੇੜੇ ਪੈਂਦੇ ਬਰਫ਼ ਦੇ ਕਾਰਖਾਨੇ ਵਿਚ ਗੈਸ ਲੀਕ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੈਸ ਲੀਕ ਹੋਣ ਨਾਲ ਕਾਫ਼ੀ ਲੋਕ ਬੇਹੋਸ਼ ਵੀ ਹੋਏ ਹਨ, ਜਿਨ੍ਹਾਂ ਨੂੰ ਮੌਕੇ ਉਤੇ ਨੇੜਲੇ ਹਸਪਤਾਲ ਲਿਜਾਇਆ ਜਾ ਗਿਆ ਹੈ। ਦੋਮੋਰੀਆ ਪੁਲ ਰੋਡ ਸਥਿਤ ਸੰਤ ਸਿਨੇਮਾ ਨੇੜੇ ਲਗਭਗ 50 ਸਾਲ ਪੁਰਾਣੀ ਜੈਨ ਆਈਸ ਫੈਕਟਰੀ ਵਿਚ ਅਮੋਨੀਆ ਗੈਸ ਦੇ ਰਿਸਾਅ ਨਾਲ ਫੈਕਟਰੀ ਦੇ ਫੋਰਮੈਨ ਦੀ ਮੌਤ ਹੋ ਗਈ ਸੀ ਜਦਕਿ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਮ੍ਰਿਤਕ ਦੀ ਪਛਾਣ ਸ਼ੀਤਲ ਸਿੰਘ ਨਿਵਾਸੀ ਲੰਮਾ ਪਿੰਡ ਦੇ ਰੂਪ ਵਿਚ ਹੋਈ ਹੈ। ਦੁਪਹਿਰ ਲਗਭਗ ਢਾਈ ਵਜੇ ਫਾਇਰ ਬ੍ਰਿਗੇਡ ਮੁਲਾਜ਼ਮ ਉਪਕਰਨਾਂ ਨਾਲ ਪਹੁੰਚੇ ਅਤੇ ਵਿਸ਼ੇਸ਼ ਮਾਸਕ ਅਤੇ ਆਕਸੀਜਨ ਗੈਸ ਸਿਲੰਡਰ ਲਾ ਕੇ ਫੈਕਟਰੀ ਵਿਚ ਦਾਖ਼ਲ ਹੋਏ, ਜਿਨ੍ਹਾਂ ਨੂੰ ਫੈਕਟਰੀ ਦੇ ਅੰਦਰ ਗੈਸ ਦੇ ਰਿਸਾਅ ਨੂੰ ਬੰਦ ਕਰਨ ਵਿਚ ਲਗਭਗ 4 ਘੰਟੇ ਲੱਗ ਗਏ। ਗੈਸ ਲੀਕ ਹੋਣ ਕਾਰਨ ਨੇੜਲੇ ਵੱਡੇ ਇਲਾਕੇ ਵਿਚ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ ਸੀ, ਜਿਸ ਤੋਂ ਬਾਅਦ ਫੈਕਟਰੀ ਦੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਰੌਲਾ ਪਾਇਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਦੋਂ ਤਕ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ, ਉਦੋਂ ਤਕ ਸਥਿਤੀ ਕਾਫ਼ੀ ਗੰਭੀਰ ਹੋ ਗਈ ਸੀ। ਮਾਹੌਲ ਤਣਾਅਪੂਰਨ ਹੁੰਦਾ ਵੇਖ ਅਤੇ ਫੈਕਟਰੀ ਵਿਚ 4-5 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਆਗੂ ਅਮਿਤ ਢੱਲ ਆਪਣੇ ਸਮਰਥਕਾਂ ਨਾਲ ਮੌਕੇ ’ਤੇ ਪੁੱਜੇ ਅਤੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ।

PunjabKesari

ਸੂਚਨਾ ਮਿਲਦੇ ਹੀ ਏ. ਸੀ. ਪੀ. ਨਾਰਥ ਡਾ. ਮੇਜਰ ਸ਼ੀਤਲ ਸਿੰਘ, ਥਾਣਾ ਨੰਬਰ 3 ਦੀ ਪੁਲਸ ਅਤੇ ਥਾਣਾ ਨੰਬਰ 1 ਦੇ ਇੰਚਾਰਜ ਹਰਿੰਦਰ ਸਿੰਘ ਮੌਕੇ ’ਤੇ ਪਹੁੰਚੇ ਸਨ ਅਤੇ ਬਚਾਅ ਕਾਰਜਾਂ ਵਿਚ ਲੱਗ ਗਏ। ਉਨ੍ਹਾਂ ਤੁਰੰਤ ਕਰਮਚਾਰੀਆਂ ਨੂੰ ਬਾਹਰ ਕੱਢਿਆ ਪਰ ਇਸੇ ਵਿਚਕਾਰ ਫੈਕਟਰੀ ਦਾ ਫੋਰਮੈਨ ਗੈਸ ਦੇ ਰਿਸਾਅ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਬੇਹੋਸ਼ ਹੋ ਗਿਆ, ਜਿਸ ਨੂੰ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਚੁੱਕਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ। ਰੈਸਕਿਊ ਦੌਰਾਨ ਪੁਲਸ ਨੇ ਸ਼ਾਮ ਤਕ ਪੂਰਾ ਰਸਤਾ ਬੰਦ ਰੱਖਿਆ ਅਤੇ ਸਾਰਾ ਟ੍ਰੈਫਿਕ ਦੋਮੋਰੀਆ ਪੁਲ ਦੇ ਉਪਰੋਂ ਭੇਜਿਆ। ਜਾਣਕਾਰੀ ਮਿਲਦੇ ਹੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ, ਜੁਆਇੰਟ ਪੁਲਸ ਕਮਿਸ਼ਨਰ ਡਾ. ਸੰਦੀਪ ਸ਼ਰਮਾ, ਏ. ਡੀ. ਸੀ. ਪੀ. ਆਦਿੱਤਿਆ ਅਤੇ ਹੋਰ ਪੁਲਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ।

ਪੁਲਸ ਅਧਿਕਾਰੀਆਂ ਨੇ ਪੂਰਾ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਂਦਾ ਤਾਂ ਮੌਕੇ ’ਤੇ ਪੁੱਜੇ ਐੱਸ. ਡੀ. ਐੱਮ.-2 ਬਲਬੀਰ ਰਾਜ ਸਿੰਘ, ਤਹਿਸੀਲਦਾਰ ਅਤੇ ਪਟਵਾਰੀ ਨੂੰ ਲੋਕਾਂ ਨੇ ਦੱਸਿਆ ਕਿ ਉਕਤ ਬਰਫ਼ ਫੈਕਟਰੀ ਪੁਰਾਣੀ ਬਿਲਡਿੰਗ ਵਿਚ ਚੱਲ ਰਹੀ ਹੈ। ਅਧਿਕਾਰੀਆਂ ਨੇ ਫੈਕਟਰੀ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਤਾਂ ਮਾਲਕ ਮੌਕੇ ’ਤੇ ਪੁੱਜਾ ਅਤੇ ਨਾ ਹੀ ਅਧਿਕਾਰੀਆਂ ਨਾਲ ਸੰਪਰਕ ਕੀਤਾ। ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਹਾਦਸੇ ਲਈ ਜ਼ਿੰਮੇਵਾਰ ਲੋਕਾਂ, ਫੈਕਟਰੀ ਦੇ ਮਾਲਕ ਅਤੇ ਵਿਭਾਗਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।
ਟੀ ਸਟਾਲ ਚਲਾਉਣ ਵਾਲੇ ਨੇ ਰੌਲਾ ਪਾ ਕੇ ਕੀਤਾ ਚੌਕਸ
ਫੈਕਟਰੀ ਵਿਚੋਂ ਗੈਸ ਲੀਕ ਹੋਣ ਸਬੰਧੀ ਸਭ ਤੋਂ ਪਹਿਲਾਂ ਫੈਕਟਰੀ ਦੇ ਗੇਟ ਦੇ ਬਾਹਰ ਹੀ ਸਟਾਲ ਚਲਾਉਣ ਵਾਲੇ ਸੁਰਿੰਦਰ ਖੰਨਾ ਨੂੰ ਪਤਾ ਲੱਗਾ ਤਾਂ ਉਸ ਨੇ ਰੌਲਾ ਪਾ ਕੇ ਸਾਰਿਆਂ ਨੂੰ ਚੌਕਸ ਕੀਤਾ। ਗੈਸ ਲੀਕ ਹੋਣ ਦਾ ਰੌਲਾ ਪੈਂਦੇ ਹੀ ਆਲੇ-ਦੁਆਲੇ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਾਕੇ ਦੌਰਾਨ ਨੌਜਵਾਨਾਂ ਦੀ ASI ਨਾਲ ਹੱਥੋਪਾਈ, ਮੁਲਾਜ਼ਮ ਦੀ ਪਾੜ ਦਿੱਤੀ ਵਰਦੀ

ਗੈਸ ਚੜ੍ਹਨ ਨਾਲ ਸਕੂਲ ਦੇ ਬੱਚੇ ਅਤੇ ਰਾਹਗੀਰ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗੇ
ਲਗਭਗ 2 ਵਜੇ ਵਿਚਕਾਰ ਦੋਮੋਰੀਆ ਪੁਲ ਦੇ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਵਿਚ 2 ਪ੍ਰਵਾਸੀ ਵਿਅਕਤੀ ਅਤੇ ਸਕੂਲ ਤੋਂ ਛੁੱਟੀ ਦੇ ਬਾਅਦ ਘਰ ਵਾਪਸ ਮੁੜ ਰਹੀਆਂ ਸਾਈਕਲ ਸਵਾਰ ਲੜਕੀਆਂ ਗੈਸ ਦਾ ਸ਼ਿਕਾਰ ਹੋ ਗਈਆਂ ਸਨ। ਗੈਸ ਚੜ੍ਹਨ ਨਾਲ ਸਾਈਕਲ ਸਵਾਰ ਲੜਕੀਆਂ ਹੇਠਾਂ ਡਿੱਗ ਗਈਆਂ ਅਤੇ ਉਲਟੀਆਂ ਕਰਨ ਲੱਗੀਆਂ, ਜਿਨ੍ਹਾਂ ਨੂੰ ਦੁਕਾਨਦਾਰਾਂ ਨੇ ਚੁੱਕਿਆ ਅਤੇ ਪਾਣੀ ਪਿਲਾਇਆ ਅਤੇ ਕਿਸੇ ਤਰ੍ਹਾਂ ਘਰ ਪਹੁੰਚਾਇਆ। ਉਕਤ ਦੋਵੇਂ ਪ੍ਰਵਾਸੀ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਉਥੋਂ ਚੁੱਕ ਕੇ ਦੂਜੀ ਥਾਂ ਭੇਜਿਆ, ਜਿੱਥੇ ਉਨ੍ਹਾਂ ਦੀ ਕੁਝ ਸਮੇਂ ਬਾਅਦ ਤਬੀਅਤ ਠੀਕ ਹੋ ਗਈ। ਦੋਮੋਰੀਆ ਪੁਲ ਦੇ ਹੇਠਾਂ ਬਣੇ ਮੁਹੱਲਾ ਕਲੀਨਿਕ ਵਿਚ ਮੌਜੂਦ ਲੋਕਾਂ ਨੂੰ ਵੀ ਉਥੋਂ ਵਾਪਸ ਭੇਜਿਆ ਗਿਆ। ਇਥੇ ਦਵਾਈ ਲੈਣ ਆਈ ਇਕ ਔਰਤ ਵੀ ਬੇਹੋਸ਼ ਹੋ ਗਈ ਸੀ। ਅਮੋਨੀਆ ਗੈਸ ਇਲਾਕੇ ਵਿਚ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਕਾਫੀ ਦੂਰ ਤੱਕ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ ਸੀ ਅਤੇ ਅੱਖਾਂ ਵਿਚ ਜਲਣ ਹੋਣ ਲੱਗੀ ਸੀ।

ਫੈਕਟਰੀ ’ਚੋਂ ਕੱਢੇ ਵਿਅਕਤੀ ਦਾ ਸਰੀਰ ਸੜ ਚੁੱਕਾ ਸੀ
ਰੈਸਕਿਊ ਟੀਮ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਜਦੋਂ ਫੈਕਟਰੀ ਦੇ ਅੰਦਰ ਫਸੇ 65 ਸਾਲਾ ਫੋਰਮੈਨ ਸ਼ੀਤਲ ਸਿੰਘ ਨੂੰ ਬਾਹਰ ਕੱਢਿਆ ਤਾਂ ਉਸ ਦਾ ਸਰੀਰ ਪੂਰੀ ਤਰ੍ਹਾਂ ਨਾਲ ਸੜ ਚੁੱਕਾ ਸੀ ਅਤੇ ਧੂੰਆਂ ਨਿਕਲ ਰਿਹਾ ਸੀ। ਪੁਲਸ ਅਧਿਕਾਰੀਆਂ ਨੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਦੀ ਸੂਚਨਾ ਨਾਲ ਘਟਨਾ ਸਥਾਨ ’ਤੇ ਇਕ ਔਰਤ ਬੇਹੋਸ਼ ਹੋ ਗਈ। ਔਰਤ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸ਼ੀਤਲ ਸਿੰਘ ਦੀ ਧੀ ਸ਼ਮਾ ਰਾਣੀ ਹੈ। ਉਸ ਦੇ ਪਿਤਾ ਲੱਗਭਗ 5 ਮਹੀਨੇ ਪਹਿਲਾਂ ਹੀ ਫੈਕਟਰੀ ਵਿਚ ਕੰਮ ’ਤੇ ਲੱਗੇ ਸੀ। ਸ਼ਨੀਵਾਰ ਉਹ ਕੰਮ ’ਤੇ ਗਏ ਸੀ ਅਤੇ ਕਿਹਾ ਸੀ ਕਿ ਉਹ ਜਲਦੀ ਘਰ ਆ ਜਾਣਗੇ ਪਰ ਇਹ ਹਾਦਸਾ ਹੋ ਗਿਆ। ਏ. ਸੀ. ਪੀ. ਨੇ ਔਰਤ ਨੂੰ ਇਕ ਦੁਕਾਨ ਵਿਚ ਬਿਠਾਇਆ ਅਤੇ ਪਾਣੀ ਪਿਆਇਆ, ਜਿਸ ਤੋਂ ਬਾਅਦ ਉਹ ਸੰਭਲੀ ਸੀ।

PunjabKesari

ਐਗਜ਼ਿਟ ਪੁਆਇੰਟ ਤੋਂ ਲੈ ਕੇ ਫੈਕਟਰੀ ’ਚ ਕਈ ਕਮੀਆਂ ਦਿਸੀਆਂ
ਲਗਭਗ 50 ਸਾਲ ਪੁਰਾਣੀ ਜੈਨ ਆਈਸ ਫੈਕਟਰੀ ਵਿਚ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਕਈ ਕਮੀਆਂ ਦੇਖੀਆਂ। ਫੈਕਟਰੀ ਦੇ ਐਗਜ਼ਿਟ ਪੁਆਇੰਟ ਨਹੀਂ ਹਨ। ਅੰਦਰ ਜਾਣ ਤੇ ਬਾਹਰ ਆਉਣ ਲਈ ਕੋਈ ਸੁਰੱਖਿਅਤ ਰਸਤਾ ਨਹੀਂ ਸੀ ਅਤੇ ਨਾ ਹੀ ਸੁਰੱਖਿਆ ਦੇ ਕੋਈ ਪ੍ਰਬੰਧ ਨਜ਼ਰ ਆਏ। ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਦੇ ਸਾਰੇ ਦਸਤਾਵੇਜ਼ ਚੈੱਕ ਕੀਤੇ ਜਾਣਗੇ, ਜਦਕਿ ਫੈਕਟਰੀ ਦੇ ਅੰਦਰ ਤੇ ਬਾਹਰ ਸਿਰਫ਼ 2 ਰਸਤੇ ਹੋਣੇ ਚਾਹੀਦੇ ਹਨ, ਜੋ ਨਹੀਂ ਸਨ।

PunjabKesari

ਆਮ ਆਦਮੀ ਪਾਰਟੀ ਦੇ ਆਗੂ ਦੇ ਇਲਾਵਾ ਕੋਈ ਮਦਦ ਲਈ ਨਹੀਂ ਪਹੁੰਚਿਆ
ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਵਿਚ ਜੇਕਰ ਛੋਟੀ ਜਿਹੀ ਵੀ ਘਟਨਾ ਹੋ ਜਾਂਦੀ ਹੈ ਤਾਂ ਉਥੇ ਕਈ ਸਿਆਸੀ ਪਾਰਟੀਆਂ ਦੀ ਭੀੜ ਲੱਗ ਜਾਂਦੀ ਹੈ ਪਰ ਸ਼ਹਿਰ ਦੇ ਬਿਲਕੁਲ ਵਿਚਕਾਰ ਦੋਮੋਰੀਆ ਪੁਲ ਦੇ ਨੇੜੇ ਆਈਸ ਫੈਕਟਰੀ ਵਿਚ ਗੈਸ ਦੇ ਰਿਸਾਅ ਦੀ ਇੰਨੀ ਵੱਡੀ ਘਟਨਾ ਵਾਪਰ ਗਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਪਰ ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਤੋਂ ਇਲਾਵਾ ਕੋਈ ਆਗੂ ਨਹੀਂ ਪਹੁੰਚਿਆ।

ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਵੀ ਹੋਇਆ ਸੀ ਬੁਰਾ ਹਾਲ
ਫੈਕਟਰੀ ਵਿਚ ਗੈਸ ਦੇ ਰਿਸਾਅ ਨੂੰ ਬੰਦ ਕਰਨ ਸਮੇਂ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਬੁਰਾ ਹਾਲ ਹੋ ਗਿਆ ਸੀ। ਸਾਹ ਲੈਣ ਵਿਚ ਹੋ ਰਹੀ ਦਿੱਕਤ ਕਾਰਨ 10 ਮਿੰਟ ਤਕ ਰੈਸਕਿਊ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀ ਫੈਕਟਰੀ ਵਿਚੋਂ ਬਾਹਰ ਆ ਜਾਂਦੇ ਸਨ। ਫਾਇਰ ਬ੍ਰਿਗੇਡ ਦੀ ਟੀਮ ਨੂੰ ਗੈਸ ਪਾਈਪ ਦੇ ਵਾਲਵ ਦਾ ਪਤਾ ਨਹੀਂ ਲੱਗ ਰਿਹਾ ਸੀ। ਟੀਮ ਵੱਲੋਂ ਫੈਕਟਰੀ ਕਰਮਚਾਰੀ, ਜਿਨ੍ਹਾਂ ਨੂੰ ਸਖ਼ਤ ਮੁਸ਼ੱਕਤ ਨਾਲ ਬਾਹਰ ਕੱਢਿਆ ਸੀ, ਨੂੰ ਦੋਬਾਰਾ ਸੁਰੱਖਿਆ ਪ੍ਰਬੰਧਾਂ ਨਾਲ ਫੈਕਟਰੀ ਦੇ ਅੰਦਰ ਲਿਜਾਇਆ ਗਿਆ ਤਾਂ ਕਿ ਗੈਸ ਪਾਈਪ ਦੇ ਵਾਲਵਜ਼ ਦਾ ਪਤਾ ਲੱਗ ਸਕੇ। ਇਸ ਦੌਰਾਨ ਸਿਹਤ ਪ੍ਰਸ਼ਾਸਨ ਵੱਲੋਂ ਵੇਰਕ ਮਿਲਕ ਪਲਾਂਟ ਤੋਂ ਇਕ ਸਪੈਸ਼ਲ ਟੀਮ ਵੀ ਬੁਲਾਈ ਗਈ ਤਾਂ ਕਿ ਅਮੋਨੀਆ ਗੈਸ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕੇ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News