ਮੌਤ ਦੇ ਮੂੰਹ ''ਚੋਂ ਬਚਾ ਲਿਆਈ SSF, ਪੰਜਾਬੀ ਕਰ ਰਹੇ CM ਮਾਨ ਦਾ ਧੰਨਵਾਦ
Friday, Sep 20, 2024 - 03:39 PM (IST)
ਜਲੰਧਰ: ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟਾਉਣ ਲਈ ਸਥਾਪਤ ਕੀਤੀ ਗਈ ਸੜਕ ਸੁਰੱਖਿਆ ਫ਼ੋਰਸ ਕਈ ਲੋਕਾਂ ਦੀ ਜ਼ਿੰਦਗੀ ਬਚਾ ਚੁੱਕੀ ਹੈ। ਇਹ ਲੋਕ ਜਿੱਥੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ।
ਬਦੀਨਪੁਰ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਕੰਮ ਤੋਂ ਵਾਪਸ ਜਾ ਰਿਹਾ ਸੀ ਤਾਂ ਰਾਹ ਵਿਚ ਉਸ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਹ ਲਹੂ-ਲੁਹਾਨ ਹੋ ਗਿਆ ਤੇ ਉਸ ਦੀ ਲੱਤ ਅਤੇ ਬਾਂਹ ਟੁੱਟ ਗਈ ਸੀ। ਉਸ ਨੂੰ ਸੜਕ ਸੁਰੱਖਿਆ ਫ਼ੋਰਸ ਦੀ ਟੀਮ ਨੇ ਆ ਕੇ ਚੁੱਕਿਆ ਤੇ ਉਸ ਨੂੰ ਹਸਪਤਾਲ ਪਹੁੰਚਾ ਕੇ ਇਲਾਜ ਕਰਵਾਇਆ। ਉਸ ਦੀ ਲੱਤ ਅਤੇ ਬਾਂਹ ਵਿਚ ਰੋਡ ਪਾਈ ਗਈ। ਉਸ ਨੇ ਕਿਹਾ ਕਿ ਸੜਕ ਸੁਰੱਖਿਆ ਫ਼ੋਰਸ ਉਸ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਲਿਆਈ ਹੈ, ਜੇ ਸੜਕ ਸੁਰੱਖਿਆ ਫ਼ੋਰਸ ਨਾ ਹੁੰਦੀ ਤਾਂ ਸ਼ਾਇਦ ਅੱਜ ਮੈਂ ਆਪਣੇ ਬੱਚਿਆਂ ਵਿਚ ਨਾ ਬੈਠਾ ਹੁੰਦਾ। ਉਸ ਨੇ ਪੰਜਾਬ ਸਰਕਾਰ ਤੇ ਸੜਕ ਸੁਰੱਖਿਆ ਫ਼ੋਰਸ ਦਾ ਉਸ ਨੂੰ ਨਵੀਂ ਜ਼ਿੰਦਗੀ ਬਖ਼ਸ਼ਣ ਲਈ ਧੰਨਵਾਦ ਕੀਤਾ।
ਬਲਜੀਤ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨਾਲ ਹਾਈਵੇਅ ਰੋਡ ਖੰਨਾ ਵਿਖੇ ਹਾਦਸਾ ਵਾਪਰ ਗਿਆ ਸੀ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ। ਪੁਲਸ ਨੇ ਜਾ ਕੇ ਉਸ ਦੇ ਪਤੀ ਨੂੰ ਬਚਾਇਆ ਤੇ ਹਸਪਤਾਲ ਦਾਖ਼ਲ ਕਰਵਾਇਆ। ਉਸ ਤੋਂ ਬਾਅਦ ਪੁਲਸ ਨੇ ਘਰ ਫ਼ੋਨ ਕਰ ਕੇ ਹਾਦਸੇ ਬਾਰੇ ਦੱਸਿਆ। ਜਦੋਂ ਤਕ ਉਹ ਜ਼ਖ਼ਮੀ ਕੋਲ ਪਹੁੰਚੇ ਨਹੀਂ, ਉਦੋਂ ਤਕ ਪੁਲਸ ਟੀਮ ਉੱਥੇ ਹੀ ਮੌਜੂਦ ਰਹੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸਭ ਲਈ ਪੰਜਾਬ ਸਰਕਾਰ ਤੇ ਸੜਕ ਸੁਰੱਖਿਆ ਫ਼ੋਰਸ ਦੀ ਸ਼ੁਕਰਗੁਜ਼ਾਰ ਹੈ।
ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਫ਼ੋਰਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਵਾਹਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਫ਼ੋਰਸ ਵੱਲੋਂ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹਾਦਸਾ ਪੀੜਤਾਂ ਦੀ ਨਕਦੀ, ਗਹਿਣੇ ਜਾਂ ਹੋਰ ਕੀਮਤੀ ਸਾਮਾਨ ਦੀ ਵੀ ਸੰਭਾਲ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਵਾਪਸ ਕੀਤਾ ਜਾਂਦਾ ਹੈ।