Rail ਯਾਤਰੀਆਂ ਲਈ Good News, ਪੰਜਾਬ 'ਚ ਜਲਦ ਸ਼ੁਰੂ ਹੋਣ ਜਾ ਰਹੀ Bullet Train

Thursday, Sep 19, 2024 - 07:11 PM (IST)

ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਆਪਣੇ ਪ੍ਰੈੱਸ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ, ਸਾਬਕਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ, ਮੌਜੂਦਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2017 ਵਿੱਚ ਸੰਸਦ ਵਿੱਚ ਮੰਗ ਕੀਤੀ ਸੀ ਕਿ ਅੰਮ੍ਰਿਤਸਰ-ਜੰਮੂ ਬੁਲੇਟ ਟਰੇਨ ਦਿੱਲੀ, ਅੰਮ੍ਰਿਤਸਰ ਅਤੇ ਕਟੜਾ ਲਈ ਚਲਾਈ ਜਾਵੇ ਅਤੇ ਇਹ ਪ੍ਰੋਜੈਕਟ 2018 ਵਿੱਚ ਪਾਸ ਹੋ ਗਿਆ ਸੀ ਅਤੇ 2020 ਵਿੱਚ ਟੈਂਡਰ ਜਾਰੀ ਕੀਤਾ ਗਿਆ ਸੀ, ਹੁਣ ਇਸ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਸੰਸਦ ਦਲ ਦਫਤਰ ਵਿਚ ਰਹਿਣ ਦੌਰਾਨ ਅੰਮ੍ਰਿਤਸਰ-ਦਿੱਲੀ ਅਤੇ ਅੰਮ੍ਰਿਤਸਰ-ਕਟੜਾ ਸਪੀਡ ਰੇਲ ਕੋਰੀਡੋਰ ਪ੍ਰਾਜੈਕਟ 'ਤੇ ਕੰਮ ਸ਼ੁਰੂ ਕਰਨ ਲਈ ਉਚੇਚੇ ਤੌਰ 'ਤੇ ਉਪਰਾਲੇ ਕੀਤੇ ਗਏ ਸਨ, ਜਿਸ ਨੂੰ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਮਨਜ਼ੂਰੀ ਦੇ ਕੇ ਕੰਮ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ-ਦਿੱਲੀ ਬੁਲੇਟ ਰੇਲ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ 465 ਕਿਲੋਮੀਟਰ ਦਾ ਸਫਰ 1 ਘੰਟਾ 40 ਮਿੰਟ ਵਿੱਚ ਪੂਰਾ ਹੋ ਜਾਵੇਗਾ, ਜਿਸ ਨਾਲ ਲੋਕਾਂ ਦੇ ਸਮੇਂ ਦੀ ਕਾਫੀ ਬੱਚਤ ਹੋਵੇਗੀ ਅਤੇ ਉਹ ਰਾਤ ਨੂੰ ਦਿੱਲੇ ਦੇ ਆਪਣੇ ਕੰਮ ਨਿਪਟਾ ਕੇ ਰਾਤ ਨੂੰ ਅੰਮ੍ਰਿਤਸਰ ਵਾਪਸ ਪਰਤ ਸਕਣਗੇ। ਰਸਤੇ ਵਿੱਚ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਿੱਲੀ, ਕੈਥਲ, ਜੀਂਦ, ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਜਲੰਧਰ ਤੋਂ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੇਗੀ। ਇਸ ਰੇਲਗੱਡੀ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜਦੋਂ ਕਿ ਸੰਚਾਲਨ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਟਰੇਨ ਵਿੱਚ 750 ਯਾਤਰੀਆਂ ਦੇ ਸਫ਼ਰ ਕਰਨ ਦੀ ਸਮਰੱਥਾ ਹੋਵੇਗੀ।

  ਸ਼ਵੇਤ ਮਲਿਕ ਨੇ ਦੱਸਿਆ ਕਿ ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੀ ਸਰਦੀਆਂ ਦੀ ਰਾਜਧਾਨੀ ਜੰਮੂ 'ਚ ਸਥਿਤ ਪਵਿੱਤਰ ਸ਼ਹਿਰ ਕਟੜਾ ਲਈ ਵੀ ਹਾਈ ਸਪੀਡ ਟਰੇਨ ਸ਼ੁਰੂ ਕੀਤੀ ਜਾਵੇਗੀ। ਅੰਮ੍ਰਿਤਸਰ ਤੋਂ ਕਟੜਾ ਤੱਕ ਚੱਲਣ ਵਾਲੀ ਇਸ ਟਰੇਨ ਦਾ ਸਫਰ 190 ਕਿਲੋਮੀਟਰ ਹੋਵੇਗਾ ਅਤੇ ਇਹ ਅੰਮ੍ਰਿਤਸਰ ਤੋਂ ਬਟਾਲਾ, ਗੁਰਦਾਸਪੁਰ, ਪਠਾਨਕੋਟ, ਸਾਂਬਾ, ਜੰਮੂ ਤੋਂ ਹੁੰਦੀ ਹੋਈ 1 ਘੰਟੇ ਵਿੱਚ ਕਟੜਾ ਪਹੁੰਚੇਗੀ। ਇਨ੍ਹਾਂ ਦੋਵਾਂ ਟਰੇਨਾਂ ਦੇ ਟ੍ਰੈਕ ਨੂੰ ਉੱਚਾ, ਭੂਮੀਗਤ ਅਤੇ ਜ਼ਮੀਨ 'ਤੇ ਰੱਖਿਆ ਜਾਵੇਗਾ। ਇਸ ਦੀ ਜ਼ਿਆਦਾ ਤੋਂ ਜ਼ਿਆਦਾ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਸਪੀਡ 200 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

 ਸ਼ਵੇਤ ਮਲਿਕ ਨੇ ਦੱਸਿਆ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਉਨ੍ਹਾਂ ਨੇ 500 ਕਰੋੜ ਰੁਪਏ ਦੀ ਰਾਸ਼ੀ ਨਾਲ ਸਟੇਸ਼ਨ ਦਾ ਨਵੀਨੀਕਰਨ ਕੀਤਾ ਹੈ, ਜਿਸ ਵਿੱਚ 2 ਏਲੀਵੇਟਰ, 2 ਨਵੇਂ ਪਲੇਟਫਾਰਮ, 5 ਲਿਫਟਾਂ, ਪਲੇਟਫਾਰਮਾਂ 'ਤੇ ਗ੍ਰੇਨਾਈਟ, ਏਅਰ ਕੰਡੀਸ਼ਨਡ ਵੇਟਿੰਗ ਰੂਮ ਅਤੇ ਰਿਟਾਇਰਿੰਗ ਰੂਮ ਸ਼ਾਮਲ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕਮਰੇ, ਮੁਫਤ ਵਾਈ-ਫਾਈ ਦੀ ਸਹੂਲਤ, ਯਾਤਰੀਆਂ ਲਈ ਏਅਰ ਕੰਡੀਸ਼ਨਡ ਰੈਸਟਰੂਮ, ਭੰਡਾਰੀ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਅਤੇ ਰਿਗੋ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ, ਛੇਹਰਟਾ ਰੇਲਵੇ ਸਟੇਸ਼ਨ 'ਤੇ ਤਿੰਨ ਨਵੇਂ ਪਲੇਟਫਾਰਮ, 2 ਨਵੀਆਂ ਵਾਸ਼ਿੰਗ ਲਾਈਨਾਂ ਆਦਿ ਦਾ ਕੰਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਰਹੂਮ ਅਰੁਣ ਜੇਤਲੀ, ਸਾਬਕਾ ਰੇਲ ਮੰਤਰੀ ਪਿਊਸ਼ ਗੋਇਲ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਸਹਿਯੋਗ ਨਾਲ ਅੰਮਿ੍ਤਸਰ-ਫ਼ਿਰੋਜ਼ਪੁਰ ਰੇਲ ਲਿੰਕ ਲਈ ਨੀਤੀ ਆਯੋਗ ਤੋਂ 300 ਕਰੋੜ ਰੁਪਏ ਉਪਲਬਧ ਕਰਵਾਏ ਗਏ ਹਨ, ਜਿਸ 'ਤੇ ਕੰਮ ਚੱਲ ਰਿਹਾ ਹੈ।


Baljit Singh

Content Editor

Related News