ਨਸ਼ੇ ਦੇ ਦੈਂਤ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
Sunday, Jan 05, 2020 - 05:33 PM (IST)
ਸੁਭਾਨਪੁਰ (ਸਤਨਾਮ)— ਥਾਣਾ ਸੁਭਾਨਪੁਰ ਦੇ ਅਧੀਨ ਆਉਂਂਦੇ ਪਿੰਡ ਮੁਰਾਰ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਮਨ (17) ਦੇ ਪਿਤਾ ਸੁਰਜੀਤ ਸਿੰਘ ਅਤੇ ਸਾਬਕਾ ਸਰਪੰਚ ਗੁਰਇਕਬਾਲ ਸਿੰਘ ਨੇ ਦਸਿਆ ਕਿ ਰਮਨ ਕੁਮਾਰ ਨਸ਼ੇ ਵਾਲੇ ਪਦਾਰਥ ਦਾ ਸੇਵਨ ਕਰਦਾ ਸੀ ਅਤੇ ਬੀਤੇ ਕੱਲ੍ਹ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਹਾਰਟ ਅਟੈਕ ਆ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਰਮਨ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਵਿਖੇ ਲਿਜਾਣ ਲਈ ਕਿਹਾ ਪਰ ਗਰੀਬ ਪਰਿਵਾਰ ਹੋਣ ਕਰਕੇ ਪਰਿਵਾਰਕ ਮੈਂਬਰ ਰਮਨ ਨੂੰ ਘਰ ਲੈ ਆਏ, ਜਿੱਥੇ ਉਸ ਦੀ ਮੌਤ ਹੋ ਗਈ।
ਸਾਬਕਾ ਸਰਪੰਚ ਗੁਰਇਕਬਾਲ ਸਿੰਘ ਨੇ ਦਸਿਆ ਕਿ ਰਮਨ ਨਸ਼ੇ ਵਾਲੇ ਪਦਾਰਥ ਦੇ ਟੀਕੇ ਲਾਉਣ ਕਰਕੇ ਏਡਜ਼ ਵਰਗੀ ਭਿਆਨਕ ਬੀਮਾਰੀ ਨਾਲ ਵੀ ਗ੍ਰਸਤ ਹੋ ਗਿਆ ਸੀ, ਉਨ੍ਹਾਂ ਦਸਿਆ ਕੇ ਉਨ੍ਹਾਂ ਦੇ ਪਿੰਡ 'ਚ ਇਸ ਤੋਂ ਪਹਿਲਾਂ ਵੀ ਨਸ਼ੇ ਦੇ ਦੈਂਤ ਨੇ ਤਿੰਨ ਨੌਜਵਾਨਾਂ ਦੀ ਜਾਨ ਲੈ ਲਈ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ 'ਚ ਨਸ਼ਾ ਵੇਚਣ ਵਾਲੇ ਸਮੱਗਲਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਨੌਜਵਾਨੀ ਨੂੰ ਬਚਾਇਆ ਜਾ ਸਕੇ।