ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ

Sunday, Feb 23, 2020 - 12:38 AM (IST)

ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ

ਲੁਧਿਆਣਾ,(ਤਰੁਣ)- ਨਸ਼ਾ ਸਿਰਫ ਇਕ ਇਨਸਾਨ ਦੀ ਜਾਨ ਹੀ ਨਹੀਂ ਲੈਂਦਾ, ਨਸ਼ੇ ਨਾਲ ਹੋਣ ਵਾਲੀ ਮੌਤ ਨਾਲ ਉਸ ਦੇ ਪਰਿਵਾਰ ਦੇ ਲੋਕ ਵੀ ਕਾਫੀ ਹੱਦ ਤੱਕ ਟੁੱਟ ਜਾਂਦੇ ਹਨ। ਅਜਿਹਾ ਹੀ ਇਕ ਕੇਸ ਥਾਣਾ ਕੋਤਵਾਲੀ ਦੇ ਇਲਾਕੇ 'ਚ ਦੇਖਣ ਨੂੰ ਮਿਲਿਆ, ਜਦੋਂ 21 ਸਾਲਾ ਨੌਜਵਾਨ ਦੀ ਨਸ਼ੇ ਦੇ ਟੀਕੇ ਦੀ ਓਵਰਡੋਜ਼ ਕਾਰਣ ਮੌਤ ਹੋ ਗਈ। ਨੌਜਵਾਨ ਦਾ 2 ਸਾਲ ਪਹਿਲਾਂ ਕਾਜਲ ਨਾਮੀ ਔਰਤ ਨਾਲ ਵਿਆਹ ਹੋਇਆ ਸੀ। ਮੌਤ ਤੋਂ ਬਾਅਦ ਔਰਤ ਮ੍ਰਿਤਕ ਪਤੀ ਦੀ ਲਾਸ਼ ਦੇ ਨਾਲ ਲਗ ਕੇ ਬੁਰੀ ਤਰ੍ਹਾਂ ਰੋ ਰਹੀ ਸੀ।

ਜਾਣਕਾਰੀ ਮੁਤਾਬਕ ਸੂਰਜ ਨਸ਼ੇ ਦਾ ਆਦੀ ਸੀ ਜੋ ਕਿ ਪੈਲੇਸ 'ਚ ਵੇਟਰ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਵਿਆਹ ਸਮਾਗਮ 'ਚ ਕੰਮ ਕਰਨ ਤੋਂ ਬਾਅਦ ਉਸ ਨੂੰ ਚੰਗੀ ਖਾਸੀ ਨਕਦੀ ਮਿਲੀ ਸੀ। ਉਸ ਨੇ ਸ਼ੁੱਕਰਵਾਰ ਰਾਤ ਨੂੰ ਪਤਨੀ ਨੂੰ 1 ਹਜ਼ਾਰ ਦੀ ਨਕਦੀ ਦਿੱਤੀ। ਸ਼ਨੀਵਾਰ ਸਵੇਰ ਤੋਂ ਹੀ ਉਹ ਨਸ਼ਾ ਕਰ ਰਿਹਾ ਸੀ। ਸ਼ਨੀਵਾਰ ਸ਼ਾਮ 6 ਵਜੇ ਗੁਆਂਢ 'ਚ ਰਹਿਣ ਵਾਲੀ ਇਕ ਔਰਤ ਨੇ ਕਾਜਲ ਨੂੰ ਦੱਸਿਆ ਕਿ ਉਸ ਦਾ ਪਤੀ ਘੰਟਾਘਰ ਪੁਲ ਦੇ ਕੋਲ ਪਿਆ ਹੈ। ਉਹ ਦੌੜੀ-ਦੌੜੀ ਉੱਥੇ ਪੁੱਜੀ ਤਾਂ ਦੇਖਿਆ ਕਿ ਪਤੀ ਦੀ ਮੌਤ ਹੋ ਚੁੱਕੀ ਹੈ। ਉੱਥੋਂ ਗੁਜ਼ਰ ਰਹੇ ਇਕ ਰਾਹਗੀਰ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਕਾਜਲ ਨੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਦਾ ਸੀ। ਸ਼ਨੀਵਾਰ ਨੂੰ ਵੀ ਉਸ ਦੇ ਪਤੀ ਸੂਰਜ ਨੇ ਨਸ਼ੇ ਦੀ ਓਵਰਡੋਜ਼ ਲਈ ਸੀ। ਕਮਰੇ 'ਚ ਵੀ ਉਸ ਦੇ ਪਤੀ ਨੇ ਟੀਕਾ ਲਾਇਆ ਸੀ, ਜਿਸ ਤੋਂ ਬਾਅਦ ਉਹ ਬਾਹਰ ਚਲਾ ਗਿਆ। ਥਾਣਾ ਕੋਤਵਾਲੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


Related News