ਖਸਤਾਹਾਲ ਵਾਟਰ ਸਪਲਾਈ ਦੀ ਟੈਂਕੀ ਕਿਸੇ ਵੀ ਸਮੇਂ ਹੋ ਸਕਦੀ ਹੈ ਜਾਨਲੇਵਾ ਸਾਬਤ

Saturday, Jan 13, 2018 - 01:06 AM (IST)

ਫ਼ਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਟਾਊਨ ਹਾਲ ਦੇ ਪਾਰਕ ਵਿਚ ਬਣੀ ਵਾਟਰ ਸਪਲਾਈ ਦੀ ਟੈਂਕੀ ਦੇ ਕੁਝ ਹਿੱਸੇ ਕਿਸੇ ਵੀ ਸਮੇਂ ਡਿੱਗ ਸਕਦੇ ਹਨ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭ੍ਰਿਸ਼ਟਾਚਾਰ ਤੇ ਅਪਰਾਧ ਨਿਵਾਰਨ ਪ੍ਰੀਸ਼ਦ ਦੇ ਪੰਜਾਬ ਪ੍ਰਧਾਨ ਯਸ਼ਪਾਲ ਗਰੋਵਰ, ਯੁਵਾ ਐੱਨ. ਜੀ. ਓ. ਜਿਮੀ ਮਨਚੰਦਾ, ਸ਼ਲਿੰਦਰ ਬਬਲਾ ਅਤੇ ਸੰਦੀਪ ਗੁਲਾਟੀ ਨੇ ਦੱਸਿਆ ਕਿ ਹਾਲਤ ਖਸਤਾ ਹੋਣ ਦੇ ਕਾਰਨ ਇਹ ਪਾਣੀ ਦੀ ਟੈਂਕੀ ਲੰਬੇ ਸਮੇਂ ਤੋਂ ਬੰਦ ਪਈ ਹੈ ਅਤੇ ਟੈਂਕੀ 'ਤੇ ਚੜ੍ਹਨ ਵਾਲੀਆਂ ਪੌੜੀਆਂ ਅਤੇ ਟੈਂਕੀ ਦੇ ਹੋਰ ਹਿੱਸਿਆਂ ਦੀ ਹਾਲਤ ਖਸਤਾ ਹੋਣ ਦੇ ਕਾਰਨ ਪੌੜੀਆਂ ਅਤੇ ਟੈਂਕੀ ਦੇ ਕੁਝ ਹਿੱਸੇ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਟੈਂਕੀ ਦੇ ਕੋਲ ਪਾਰਕ ਵਿਚ ਬੱਚਿਆਂ ਦੇ ਲਈ ਝੂਲੇ ਲੱਗੇ ਹੋਏ ਹਨ, ਜਿਥੇ ਛੋਟੇ-ਛੋਟੇ ਬੱਚੇ ਖੇਡਦੇ ਹਨ ਅਤੇ ਆਮ ਲੋਕ ਪਾਰਕ ਵਿਚ ਸੈਰ ਕਰਦੇ ਹਨ ਅਤੇ ਜੇਕਰ ਕਿਸੇ ਵੀ ਸਮੇਂ ਇਸ ਟੈਂਕੀ ਦੀਆਂ ਪੌੜੀਆਂ ਜਾਂ ਕੋਈ ਹਿੱਸਾ ਡਿੱਗਦਾ ਹੈ ਤਾਂ ਉਹ ਕਿਸੇ ਵੀ ਸਮੇਂ ਵੱਡੇ ਜਾਨਲੇਵਾ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਇਸ ਟੈਂਕੀ ਦੀ ਮੁਰੰਮਤ ਕੀਤੀ ਜਾਵੇ। 
ਕੁਝ ਹੀ ਦਿਨਾਂ 'ਚ ਟੈਂਕੀ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਜਾਵੇਗੀ : ਐੱਸ. ਡੀ. ਓ.
ਦੂਸਰੇ ਪਾਸੇ ਸੰਪਰਕ ਕਰਨ 'ਤੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਫਿਰੋਜ਼ਪੁਰ ਦੇ ਐੱਸ. ਡੀ. ਓ. ਇੰਜੀਨੀਅਰ ਐੱਲ. ਆਰ. ਸਚਦੇਵਾ ਨੇ ਦੱਸਿਆ ਕਿ ਅਗਲੇ ਕੁਝ ਹੀ ਦਿਨਾਂ ਵਿਚ ਇਸ ਟੈਂਕੀ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਜਾਵੇਗੀ। ਨਗਰ ਕੌਂਸਲ ਦੀ ਵਾਟਰ ਟੈਂਕੀ ਦੀ ਰਿਪੇਅਰ ਦੇ ਲਈ ਟੈਂਡਰ ਹੋ ਚੁੱਕਾ ਹੈ ਅਤੇ ਕੰਮ ਸ਼ੁਰੂ ਕਰਵਾਉਣ ਦੀ ਤਿਆਰੀ ਹੈ। ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਦੀ ਟੈਂਕੀ ਨਵੀਂ ਬਣਾਉਣ ਅਤੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਪਾਰਕ ਵਿਚ ਬਣੀ ਵਾਟਰ ਸਪਲਾਈ ਦੀ ਟੈਂਕੀ ਦੀ ਮੁਰੰਮਤ ਦਾ ਟੈਂਡਰ ਕਰੀਬ 65 ਲੱਖ ਵਿਚ ਹੋਇਆ ਸੀ। ਕੁਝ ਹੀ ਦਿਨਾਂ 'ਚ ਇਸ ਟੈਂਕੀ ਦੀਆਂ ਪੌੜੀਆਂ ਬਣਵਾ ਦਿੱਤੀਆਂ ਜਾਣਗੀਆਂ। ਇੰਜੀਨੀਅਰ ਸਚਦੇਵਾ ਨੇ ਦੱਸਿਆ ਕਿ ਵਿਭਾਗ ਇਸ ਟੈਂਕੀ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਉਣ ਦੇ ਲਈ ਯਤਨਸ਼ੀਲ ਹੈ।


Related News