ਵਿਦੇਸ਼ਾਂ ''ਚ ਵੀ ਹੋ ਰਹੀ ਆਮ ਆਦਮੀ ਕਲੀਨਿਕਾਂ ਦੀ ਸ਼ਲਾਘਾ, 2 ਕਰੋੜ ਤੋਂ ਵੱਧ ਲੋਕ ਕਰਵਾ ਚੁੱਕੇ ਇਲਾਜ
Saturday, Sep 21, 2024 - 04:06 PM (IST)
ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ 'ਚ ਨਵੇਂ ਕੀਰਤੀਮਾਨ ਸਥਾਪਤ ਕਰਨ ਦੇ ਰਾਹ 'ਤੇ ਤੁਰ ਪਈ ਹੈ ਅਤੇ ਆਮ ਜਨਤਾ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੇ ਘਰ ਦੇ ਨੇੜੇ ਹੀ ਸ਼ਾਨਦਾਰ ਸਿਹਤ ਸੂਹਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਪਿੰਡਾਂ ਤੇ ਸ਼ਹਿਰਾਂ ਵਿਚ ਆਮ ਆਦਮੀ ਕਲੀਨਿਕਾਂ ਦਾ ਨਿਰਮਾਣ ਕਰਵਾਇਆ ਗਿਆ। ਸ਼ੁਰੂਆਤ ਦੌਰ ਵਿਚ ਭਾਵੇਂ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਥੋੜੀ ਸੀ ਪਰ ਅੱਜ ਸੂਬੇ ਭਰ ਵਿਚ ਇਹ ਅੰਕੜਾ 840 ਨੂੰ ਪਾਰ ਕਰ ਚੁੱਕਾ ਹੈ।
ਆਮ ਆਦਮੀ ਕਲੀਨਿਕ ਦੇ ਮਾਡਲ ਦੀ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਸ਼ਲਾਘਾ ਹੋ ਰਹੀ ਹੈ। ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਹੋਏ ਗਲੋਬਲ ਹੈਲਥ ਸਪਲਾਈ ਸਮਿਟ ਵਿਚ ਪੰਜਾਬ ਦੇ ਆਮ ਆਦਮੀ ਕਲੀਨਿਕ ਦੀ ਸ਼ਲਾਘਾ ਕੀਤੀ ਗਈ। ਸੰਮੇਲਨ ਵਿਚ ਆਮ ਆਦਮੀ ਕਲੀਨਿਕ ਦੇ ਮਾਡਲ ਨੂੰ ਦੁਨੀਆ ਦਾ ਸਰਵੋਤਮ ਐਲਾਨਿਆ ਗਿਆ। ਇਸ ਸੰਮੇਲਨ 'ਚ ਦੁਨੀਆ ਭਰ ਦੇ 85 ਦੇਸ਼ਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 40 ਦੇਸ਼ਾਂ ਨੇ ਇਸ ਨੂੰ ਆਪਣੇ ਦੇਸ਼ਾਂ 'ਚ ਅਪਣਾਉਣ ਦਾ ਫੈਸਲਾ ਵੀ ਕੀਤਾ।
ਕਰੀਬ 2 ਕਰੋੜ ਮਰੀਜ਼ਾਂ ਦਾ ਹੋਇਆ ਇਲਾਜ
ਪੰਜਾਬ ਵਿਚ ਹੁਣ ਤੱਕ 840 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਇਸ ਦੀ ਸਫ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਕਲੀਨਿਕ ਵਿਚ ਲਗਭਗ 2 ਕਰੋੜ ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ ਹੈ। ਆਮ ਆਦਮੀ ਕਲੀਨਿਕ ਵਿਚ, ਬਿਮਾਰੀਆਂ ਦਾ ਰੂਟੀਨ ਇਲਾਜ ਜਿਸ ਨੂੰ ਡਾਕਟਰੀ ਭਾਸ਼ਾ ਵਿਚ ਪ੍ਰਾਇਮਰੀ ਸਿਹਤ ਸੇਵਾਵਾਂ ਕਿਹਾ ਜਾਂਦਾ ਹੈ, ਵਿਚ ਬੁਖਾਰ, ਖੰਘ, ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੀ ਜਾਂਚ ਸ਼ਾਮਲ ਹੈ। ਆਮ ਆਦਮੀ ਕਲੀਨਿਕ ਵਿਚ 38 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਜਦਕਿ 80 ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਪ੍ਰਾਇਮਰੀ ਹੈਲਥ ਸੈਂਟਰ ਉਤੇ ਟੈਸਟ ਦੀ ਸਹੂਲਤ ਨਹੀਂ ਸੀ ਜੋ ਆਮ ਆਦਮੀ ਕਲੀਨਿਕ ਵਿਚ ਉਪਲਬਧ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਕਲੀਨਿਕ ਨੂੰ ਲੈ ਕੇ ਹਮੇਸ਼ਾ ਚੌਕਸ ਰਹਿੰਦੇ ਹਨ। ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਜਿੱਥੇ ਲੋਕਾਂ ਨੂੰ ਘਰ ਵਿਚ ਹੀ ਫਰੀ ਇਲਾਜ ਮਿਲ ਰਿਹਾ ਹੈ, ਉਥੇ ਹੀ ਲੋਕ ਪੰਜਾਬ ਸਰਕਾਰ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।