ਗੁਰਦੁਆਰਿਆਂ ਦੇ ਦਰਸ਼ਨ ਕਰਨ ਪਹੁੰਚੇ ਭਾਰਤੀਆਂ ਨੂੰ ਵੇਖ ਅੱਜ ਵੀ ਭਾਵੁਕ ਹੋ ਜਾਂਦੇ ਨੇ ਪਾਕਿਸਤਾਨ ਦੇ ਲੋਕ

Thursday, Sep 19, 2024 - 03:48 PM (IST)

ਗੁਰਦੁਆਰਿਆਂ ਦੇ ਦਰਸ਼ਨ ਕਰਨ ਪਹੁੰਚੇ ਭਾਰਤੀਆਂ ਨੂੰ ਵੇਖ ਅੱਜ ਵੀ ਭਾਵੁਕ ਹੋ ਜਾਂਦੇ ਨੇ ਪਾਕਿਸਤਾਨ ਦੇ ਲੋਕ

ਲੁਧਿਆਣਾ (ਖੁਰਾਨਾ): ਪਾਕਿਸਤਾਨ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਆਏ ਭਾਰਤੀਆਂ ਨੂੰ ਮਿਲ ਕੇ ਅੱਜ ਵੀ ਪਾਕਿਸਤਾਨੀ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਭਾਰਤ-ਪਾਕਿਸਤਾਨ ਵੰਡ ਦੇ 77 ਸਾਲ ਬਾਅਦ ਵੀ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਵਿਛੋੜੇ ਦਾ ਦਰਦ ਬਰਕਰਾਰ ਹੈ। 

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਅੱਜ ਵੀ 1947 ਦੇ ਭਾਰਤ-ਪਾਕਿਸਤਾਨ ਦੀ ਵੰਡ ਦੇ ਉਸ ਕਾਲੇ ਦੌਰ ਨੂੰ ਯਾਦ ਕਰਦੇ ਹੋਏ ਦੁਖੀ ਨਜ਼ਰ ਆਉਂਦੇ ਹਨ ਜਦੋਂ ਵੰਡ ਵੇਲੇ ਕੁਝ ਦੰਗਾਕਾਰੀਆਂ ਨੇ ਉਨ੍ਹਾਂ ਦੇ ਪਰਿਵਾਰਾਂ ਦਾ ਕਤਲੇਆਮ ਕੀਤਾ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ। ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਬਹੁਤੇ ਪਰਿਵਾਰ ਆਪਸ ਵਿਚ ਵਿਛੜ ਗਏ ਅਤੇ ਕਦੇ ਵੀ ਮੁੜ ਇਕੱਠੇ ਨਹੀਂ ਹੋ ਸਕੇ, ਜਿਸ ਦਾ ਦਰਦ ਅੱਜ ਵੀ ਦੋਵਾਂ ਦੇਸ਼ਾਂ ਦੇ ਬਹੁਤੇ ਪਰਿਵਾਰ ਮਹਿਸੂਸ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਸੰਗਤ ਦਾ ਜਥਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਧਰਤੀ 'ਤੇ ਪਹੁੰਚਿਆ, ਜਿਨ੍ਹਾਂ ਦਾ ਪਾਕਿਸਤਾਨ ਵਾਸੀਆਂ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ।

ਇਹ ਖ਼ਬਰ ਵੀ ਪੜ੍ਹੋ - ਬਿਜਲੀ ਉਪਭੋਗਤਾ ਸਾਵਧਾਨ! ਜੇ ਨਾ ਕੀਤਾ ਇਹ ਕੰਮ ਤਾਂ ਕੱਟੇ ਜਾਣਗੇ ਕੁਨੈਕਸ਼ਨ

ਜਿਵੇਂ ਹੀ ਸੰਗਤ ਨੇ ਕਰਤਾਰਪੁਰ ਲਾਂਘੇ ਦੀ ਸਰਹੱਦ ਪਾਰ ਕੀਤੀ, ਪਾਕਿਸਤਾਨੀ ਧਰਤੀ 'ਤੇ ਤਾਇਨਾਤ ਸੈਨਿਕਾਂ ਨੇ ਚੜ੍ਹਦੇ ਪੰਜਾਬ (ਭਾਰਤੀ) ਦੀ ਸੰਗਤ ਨੂੰ ਲੰਬੇ ਸਮੇਂ ਤੋਂ ਗੁਆਚੇ ਹੋਏ ਭਰਾਵਾਂ ਵਾਂਗ ਗਲੇ ਲਗਾ ਲਿਆ ਅਤੇ ਸੁਨੇਹਾ ਦਿੱਤਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਰਿਸ਼ਤਾ ਓਨਾ ਹੀ ਡੂੰਘਾ ਅਤੇ ਮਜ਼ਬੂਤ ​​ਹੈ ਜੋ ਕਦੇ ਖ਼ਤਮ ਨਹੀਂ ਹੋ ਸਕਾ। ਗੁਰਦੁਆਰਾ ਸਾਹਿਬ ਵਿਖੇ ਪੁੱਜਣ 'ਤੇ ਉਕਤ ਸੰਗਤ ਦਾ ਗੁਰਦੁਆਰਾ ਸਾਹਿਬ ਵਿਖੇ ਤਾਇਨਾਤ ਸੇਵਾਦਾਰਾਂ ਅਤੇ ਪਾਕਿਸਤਾਨੀ ਸੈਨਿਕਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦਿਆਂ ਸੰਗਤ ਦਾ ਦਿਲ ਜਿੱਤ ਲਿਆ। ਇਹ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਕਿ ਭਾਰਤ ਅਤੇ ਪਾਕਿਸਤਾਨ ਦੋ ਵੱਖ-ਵੱਖ ਦੇਸ਼ ਹਨ। ਦੋਵੇਂ ਭਾਈਚਾਰਿਆਂ ਦੇ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਸਨ ਅਤੇ ਆਪਣੇ ਦੁੱਖ-ਦਰਦ ਸਾਂਝੇ ਕਰਕੇ ਇਕ ਦੂਜੇ 'ਤੇ ਆਪਣਾ ਹੱਕ ਜਤਾ ਰਹੇ ਸਨ। 

ਬਾਬੇ ਨਾਨਕ ਦੀ ਮਜ਼ਾਰ 'ਤੇ ਸਿਜਦਾ ਕਰਦੇ ਹਨ ਹਜ਼ਾਰਾਂ ਮੁਸਲਿਮ ਪਰਿਵਾਰ

ਹਰ ਰੋਜ਼ ਸਵੇਰੇ ਹਜ਼ਾਰਾਂ ਮੁਸਲਿਮ ਪਰਿਵਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਐਂਟਰੀ ਗੇਟ 'ਤੇ ਬਾਬਾ ਨਾਨਕ ਦੁਆਰਾ ਬਣਾਏ ਗਏ ਇਤਿਹਾਸਕ ਅਸਥਾਨ 'ਤੇ ਸਿਜਦਾ ਕਰਦੇ ਹੋਏ ਅੱਲ੍ਹਾ-ਤਾਲਾ (ਵਾਹਿਗੁਰੂ) ਦੇ ਅੱਗੇ ਝੋਲੀ ਅੱਡ ਕੇ ਪਰਿਵਾਰਾਂ ਦੀ ਖੈਰ ਮੰਗਦੇ ਹਨ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਦੱਸਿਆ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣਾ ਸਰੀਰਕ ਚੋਲਾ ਛੱਡਿਆ ਸੀ ਤਾਂ ਜਿੱਥੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਆਪਣੇ ਧਾਰਮਿਕ ਮਰਿਆਦਾ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅੰਗਿਠਾ ਸਾਂਭਿਆ ਸੀ, ਤਾਂ ਉੱਥੇ ਹੀ ਮੁਸਲਮਾਨ ਭਾਈਚਾਰੇ ਨੇ ਆਪਣੀ ਧਾਰਮਿਕ ਮਰਿਆਦਾ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਾਦਰ ਤੇ ਫੁੱਲਾਂ ਨੂੰ ਦਫ਼ਨ ਕਰ ਕੇ ਮਜ਼ਾਰ ਸਥਾਪਤ ਕੀਤੀ ਸੀ। ਨਾਲ ਹੀ, ਜਿਸ ਖੂਹ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਸਨ, ਉਸ ਨੂੰ ਅੱਜ ਵੀ ਚਾਲੂ ਹਾਲਤ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਸ਼ੀ ਸ਼ਾਨ ਤੇ ਅਦਬ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਜਿੱਥੇ ਦੋਵਾਂ ਦੇਸ਼ਾਂ ਦੇ ਲੋਕ ਮੱਥਾ ਟੇਕਦੇ ਹਨ, ਹੁਣ ਜੇਕਰ ਗੁਰਦੁਆਰਾ ਸਾਹਿਬ ਵਿਚ ਬਣੀ ਝੀਲ ਦੀ ਗੱਲ ਕਰੀਏ ਤਾਂ ਇੱਥੇ ਪਾਣੀ ਸ਼ੀਸ਼ੇ ਵਾਂਗ ਸਾਫ਼ ਨਜ਼ਰ ਆਉਂਦਾ ਹੈ, ਜਿੱਥੇ ਇਸ਼ਨਾਨ ਕਰਨ ਤੋਂ ਬਾਅਦ ਹਰ ਵਿਅਕਤੀ ਦਾ ਤਨ ਅਤੇ ਮਨ ਦੋਵੇਂ ਹਲਕੇ ਹੋ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਕਿਉਂ ਵਧਿਆ NSA? ਸਰਕਾਰ ਨੇ ਹਾਈ ਕੋਰਟ 'ਚ ਦਿੱਤਾ ਜਵਾਬ

ਲੰਗਰ ਦਾ ਪ੍ਰਬੰਧ ਵੀ ਬੇਮਿਸਾਲ

ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਲੰਗਰ ਹਾਲ ਵਿਚ ਸਫ਼ਾਈ ਦੇਖ ਕੇ ਸੰਗਤਾਂ ਦਾ ਮਨ ਖੁਸ਼ ਹੋ ਗਿਆ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਬੇਮਿਸਾਲ ਹੈ। ਜਿੱਥੇ ਗੁਰੂ ਘਰ ਦੀ ਮਰਿਆਦਾ ਮੁਤਾਬਕ ਸਾਦੀ ਦਾਲ ਰੋਟੀ ਦੇ ਨਾਲ ਕੜ੍ਹੀ ਚਾਵਲ ਤੇ ਚਾਹ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਲੰਗਰ ਛਕਣ ਤੋਂ ਬਾਅਦ ਸੰਗਤ ਦਾ ਤਨ-ਮਨ ਪੂਰੀ ਤਰ੍ਹਾਂ ਤ੍ਰਿਪਤ ਹੋ ਜਾਂਦਾ ਹੈ ਅਤੇ ਪਾਕਿਸਤਾਨੀ ਧਰਤੀ ਦੀ ਮਿੱਟੀ ਦੀ ਮਹਿਕ ਅੱਜ ਵੀ ਪੰਜਾਬੀਆਂ ਨੂੰ ਆਪਣੇਪਨ ਦਾ ਅਹਿਸਾਸ ਕਰਵਾ ਰਹੀ ਹੈ। ਜਿਸ ਤਰੀਕੇ ਨਾਲ ਕੋਈ ਵਿਅਕਤੀ ਲੰਬੇ ਸਮੇਂ ਬਾਅਦ ਵਿਦੇਸ਼ੀ ਧਰਤੀ ਤੋਂ ਆਪਣੇ ਦੇਸ਼ ਵਾਪਸ ਆਇਆ ਹੋਵੇ।

ਗੁਰਦੁਆਰਾ ਸਾਹਿਬ ਨੇੜਲੇ ਬਾਜ਼ਾਰ ਦਾ ਵੀ ਵਿਲੱਖਣ ਨਜ਼ਾਰਾ

ਗੁਰਦੁਆਰਾ ਸਾਹਿਬ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਸਥਿਤ ਇਸ ਬਾਜ਼ਾਰ ਦਾ ਵੀ ਆਪਣਾ ਅਨੋਖਾ ਨਜ਼ਾਰਾ ਹੈ, ਜਿੱਥੇ ਪੰਜਾਬੀ ਜੁੱਤੀਆਂ ਦੇ ਨਾਲ-ਨਾਲ ਪਾਕਿਸਤਾਨੀ ਪਹਿਰਾਵੇ ਸੂਟ, ਫੁਲਕਾਰੀ, ਚੁੰਨੀਆਂ, ਕੁੜਤਾ-ਪਜਾਮਾ ਆਦਿ ਦੇ ਨਾਲ-ਨਾਲ ਪਾਕਿਸਤਾਨੀ ਹਵਾ ਅਤੇ ਮਠਿਆਈਆਂ ਵੀ ਪੰਜਾਬੀ ਸੱਭਿਆਚਾਰ ਦੀ ਇਕ ਵਿਲੱਖਣ ਛਾਪ ਛੱਡ ਰਹੀਆਂ ਹਨ, ਜੋ ਕਿ ਖਾਸ ਤੌਰ 'ਤੇ ਔਰਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਔਰਤਾਂ ਪਾਕਿਸਤਾਨੀ ਸੂਟ ਖਰੀਦਣ ਲਈ ਬਹੁਤ ਉਤਸ਼ਾਹਤ ਨਜ਼ਰ ਆਈਆਂ, ਪਰ ਇਸ ਦੌਰਾਨ ਜਦੋਂ ਸ਼ਾਮ ਦੇ 4 ਵਜੇ ਤਾਂ ਨਿਯਮਾਂ, ਸ਼ਰਤਾਂ ਤੇ ਸੁਰੱਖਿਆ ਕਾਰਨ ਜਾਂ ਕਹਿ ਲਈਏ ਕਿ ਦੋਵਾਂ ਦੇਸ਼ਾਂ ਵਿਚਕਾਰ ਹੋਈ ਸੰਧੀ ਅਨੁਸਾਰ ਸੰਗਤ ਨਾ ਚਾਹੁੰਦੇ ਹੋਏ ਵੀ ਬੱਸ ਵਿਚ ਸਵਾਰ ਹੋ ਕੇ ਵਾਪਸ ਕਰਤਾਰਪੁਰ ਲਾਂਘੇ ਨੂੰ ਪਾਰ ਕਰਦੀ ਹੈ, ਇਸ ਵਾਅਦੇ ਨਾਲ ਕਿ ਉਹ ਗੁਰੂ ਘਰ ਦੇ ਦਰਸ਼ਨਾਂ ਲਈ ਦੁਬਾਰਾ ਪਾਕਿਸਤਾਨ ਆਉਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News