ਪਿਆਰ ਪਰਵਾਨ ਨਾ ਚੜ੍ਹਦਾ ਦੇਖ ਲੜਕੀ ਦੇ ਵਿਆਹ ਸਮਾਗਮ ''ਚ ਪੁਹੰਚ ਕੇ ਲੜਕੀ ਦੇ ਪਿਤਾ ''ਤੇ ਕੀਤਾ ਕਾਤਲਾਨਾ ਹਮਲਾ
Thursday, Nov 30, 2017 - 06:05 AM (IST)
ਮੁੱਲਾਂਪੁਰ ਦਾਖਾ(ਸੰਜੀਵ)-ਇਸ਼ਕ ਵਿਚ ਅੰਨ੍ਹੇ ਹੋਏ ਇਕ ਪਾਸੜ ਪਿਆਰ ਨੂੰ ਪਰਵਾਨ ਨਾ ਚੜ੍ਹਦਾ ਦੇਖ ਕੇ ਲੜਕੀ ਦੇ ਵਿਆਹ 'ਚ ਪੁਹੰਚ ਕੇ ਲੜਕੀ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਦੇ ਦੋਸ਼ ਵਿਚ ਥਾਣਾ ਦਾਖਾ ਦੀ ਪੁਲਸ ਨੇ ਬੀਕਾਨੇਰ (ਰਾਜਸਥਾਨ) ਦੇ ਰਹਿਣ ਵਾਲੇ ਰਾਹੁਲ ਅਚਾਰੀਆ ਤੇ ਆਰੀਆ ਅਤੁਲ ਆਨੰਦ ਸਵਾਮੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸ. ਵਿਕਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਦਾਖਾ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਰੁਲਦੂ ਰਾਮ ਸਿੰਗਲਾ ਪੁੱਤਰ ਮੇਘਰਾਜ ਵਾਸੀ ਮੀਰਾ ਕਾਲੋਨੀ ਸੰਗਰੀਆਂ ਜ਼ਿਲਾ ਹਨੂਮਾਨਗੜ੍ਹ (ਰਾਜਸਥਾਨ) ਨੇ ਦੱਸਿਆ ਕਿ ਉਸ ਦੀ ਪੁੱਤਰੀ ਰੇਨੂੰ ਬਾਲਾ ਨੇ ਐੱਮ. ਐੱਸ. ਸੀ. ਗੌਰਮਿੰਟ ਕਾਲਜ ਬੀਕਾਨੇਰ ਤੋਂ ਕੀਤੀ ਹੈ ਅਤੇ ਉਸੇ ਕਾਲਜ ਵਿਚ ਰਾਹੁਲ ਅਚਾਰੀਆ ਪੁੱਤਰ ਮਹਿੰਦਰ ਅਚਾਰੀਆ ਵੀ ਪੜ੍ਹਦਾ ਸੀ, ਜਿਸ ਕਰਕੇ ਉਹ ਉਸ ਦੀ ਲੜਕੀ 'ਤੇ ਵਿਆਹ ਕਰਵਾਉਣ ਦਾ ਦਬਾਅ ਪਾ ਰਿਹਾ ਸੀ ਅਤੇ ਉਸ ਨਾਲ ਵਿਆਹ ਨਾ ਕਰਵਾਉਣ ਦੀ ਸੂਰਤ 'ਚ ਉਸ ਦੀ ਜ਼ਿੰਦਗੀ ਬਰਬਾਦ ਕਰਨ ਦੀਆਂ ਧਮਕੀਆਂ ਵੀ ਅਕਸਰ ਦਿੰਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਰਾਹੁਲ ਨੇ ਉਨ੍ਹਾਂ ਦੇ ਘਰ ਸੁਨੇਹਾ ਭੇਜਿਆ ਕਿ ਜੇਕਰ ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਉਸ ਨਾਲ ਨਾ ਕੀਤਾ ਤਾਂ ਉਹ ਲੜਕੀ ਨੂੰ ਮਾਰ ਦੇਵੇਗਾ, ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਏ। ਰੁਲਦੂ ਰਾਮ ਨੇ ਦੱਸਿਆ ਕਿ ਆਪਣੀ ਲੜਕੀ ਦੀ ਇੱਛਾ ਅਨੁਸਾਰ ਉਸ ਦਾ ਰਿਸ਼ਤਾ ਵਾਸੀਮ ਪੁੱਤਰ ਅਸ਼ੋਕ ਕੁਮਾਰ ਵਾਸੀ ਲੁਧਿਆਣਾ ਨਾਲ ਕਰ ਦਿੱਤਾ ਗਿਆ, ਜਿਸ ਦੀ ਰਿੰਗ ਸੈਰੇਮਨੀ ਵੀ ਲੁਧਿਆਣਾ ਵਿਖੇ ਹੀ ਕੀਤੀ। ਬੀਤੇ ਕੱਲ ਜਦੋਂ ਉਨ੍ਹਾਂ ਦੀ ਬੇਟੀ ਦਾ ਵਿਆਹ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਸਥਿਤ ਮਹਾਰਾਜਾ ਗਰੈਂਡ ਪੈਲੇਸ ਵਿਚ ਹੋ ਰਿਹਾ ਸੀ ਤਾਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਬਰਾਤ ਦਾ ਸਵਾਗਤ ਕਰਨ ਲਈ ਗੇਟ 'ਤੇ ਖੜ੍ਹੇ ਸਨ ਤਾਂ ਸਾਨੂੰ ਦੇਖਦਿਆਂ ਹੀ ਆਰੀਆ ਅਤੁਲ ਪੁੱਤਰ ਰਾਧੇ ਸ਼ਿਆਮ ਆਰੀਆ ਨੇ ਲਲਕਾਰਾ ਮਾਰਦਿਆਂ ਆਪਣੇ ਸਾਥੀ ਰਾਹੁਲ ਅਚਾਰੀਆ ਨੂੰ ਕਿਹਾ ਕਿ ਰੁਲਦੂ ਰਾਮ ਨੂੰ ਖਤਮ ਕਰ ਦੇ ਕਿÀੁਂੁਕਿ ਇਸ ਨੇ ਹੀ ਤੇਰਾ ਰੇਨੂੰ ਬਾਲਾ ਨਾਲ ਵਿਆਹ ਨਹੀਂ ਹੋਣ ਦਿੱਤਾ ਤਾਂ ਗੁੱਸੇ ਵਿਚ ਆ ਕੇ ਰਾਹੁਲ ਨੇ ਡੱਬ 'ਚੋਂ ਕਿਰਚ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਹੜੀ ਕਿ ਉਸ ਦੇ ਪਹਿਨੇ ਹੋਏ ਕੋਟ ਦੇ ਆਰ-ਪਾਰ ਹੋ ਗਈ ਪਰ ਉਸ ਨੇ ਦਲੇਰੀ ਨਾਲ ਰਾਹੁਲ ਦਾ ਹੱਥ ਫੜ ਲਿਆ। ਜੇਕਰ ਉਹ ਅਜਿਹਾ ਨਾ ਕਰਦਾ ਤਾਂ ਇਨ੍ਹਾਂ ਨੇ ਸਾਨੂੰ ਪਿਉ-ਧੀ ਦੋਵਾਂ ਨੂੰ ਖਤਮ ਕਰ ਦੇਣਾ ਸੀ। ਜਦੋਂ ਰਿਸ਼ਤੇਦਾਰਾਂ ਦੀ ਮਦਦ ਨਾਲ ਅਸੀਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਦੋਵੇਂ ਜਣੇ ਸਵਿਫਟ ਕਾਰ ਛੱਡ ਕੇ ਫਰਾਰ ਹੋ ਗਏ। ਦਾਖਾ ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਦੋਵਾਂ ਕਥਿਤ ਦੋਸ਼ੀਆਂ ਰਾਹੁਲ ਅਚਾਰੀਆ ਅਤੇ ਆਰੀਆ ਅਤੁਲ ਅਨੰਦ ਸਵਾਮੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
