ਜ਼ਮੀਨ ਕਾਰਨ ਹੋਏ ਝਗੜੇ ''ਚ 7 ਜ਼ਖ਼ਮੀ

10/17/2017 12:10:49 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਪਿੰਡ ਕਮਾਲ ਵਾਲਾ ਵਿਚ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਵਿਚ ਤਿੰਨ ਔਰਤਾਂ ਸਮੇਤ 7 ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕੁਲਵਿੰਦਰ ਸਿੰਘ (25) ਵਾਸੀ ਪਿੰਡ ਕਮਾਲ ਵਾਲਾ ਨੇ ਦੱਸਿਆ ਕਿ ਪਿੰਡ ਵਿਚ ਉਨ੍ਹਾਂ ਦੀ ਆਪਣੇ ਘਰ ਦੇ ਨੇੜੇ ਕੁਝ ਜ਼ਮੀਨ ਹੈ। ਪਿੰਡ ਵਾਸੀ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਆਪਣੀ ਜ਼ਮੀਨ ਦੇ ਨਾਲ ਜੋ ਪੰਚਾਇਤੀ ਜ਼ਮੀਨ ਹੈ, ਉਸ 'ਤੇ ਅਖੌਤੀ ਰੂਪ ਨਾਲ ਕਬਜ਼ਾ ਕੀਤਾ ਹੋਇਆ ਹੈ ਅਤੇ ਹੁਣ ਉਕਤ ਵਿਅਕਤੀ ਉਨ੍ਹਾਂ ਦੇ ਘਰ ਦੇ ਸਾਹਮਣੇ ਪਈ ਉਨ੍ਹਾਂ ਦੀ ਜ਼ਮੀਨ 'ਤੇ ਵੀ ਅਖੌਤੀ ਰੂਪ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਸੰਬੰਧੀ ਉਨ੍ਹਾਂ ਦਾ ਪਹਿਲਾਂ ਵੀ ਦੋ ਵਾਰ ਝਗੜਾ ਹੋ ਚੁੱਕਿਆ ਹੈ। ਅੱਜ ਸਵੇਰੇ ਲਗਭਗ 7.15 ਵਜੇ ਜਦੋਂ ਉਹ ਆਪਣੇ ਘਰ ਵਿਚ ਕੰਮ ਕਰ ਰਹੇ ਸਨ ਤਾਂ ਉਕਤ ਵਿਅਕਤੀ ਉੱਥੇ ਆਏ ਅਤੇ ਉਨ੍ਹਾਂ ਦੀ ਜ਼ਮੀਨ 'ਤੇ ਅਖੌਤੀ ਰੂਪ ਨਾਲ ਕਬਜ਼ਾ ਕਰਨ ਲੱਗੇ। 
ਜਦੋਂ ਉਸਨੇ ਅਤੇ ਉਸਦੀ ਪਤਨੀ ਅਮਰਜੀਤ ਕੌਰ (24), ਭਰਾ ਕੁਲਦੀਪ ਸਿੰਘ (19), ਮਾਤਾ ਰੇਸ਼ਮਾ ਰਾਣੀ (45) ਅਤੇ ਨਾਨਾ ਦਿਆਲ ਸਿੰਘ ਜੋ ਹਨੂੰਮਾਨਗੜ੍ਹ ਰਾਜਸਥਾਨ ਤੋਂ ਉਨ੍ਹਾਂ ਨੂੰ ਮਿਲਣ ਆਇਆ ਹੋਇਆ ਸੀ, ਨੇ ਉਕਤ ਵਿਅਕਤੀਆਂ ਨੂੰ ਇਸ ਸੰਬੰਧੀ ਰੋਕਿਆ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਝਗੜਾ ਤੇ ਮਾਰਕੁੱਟ ਕੀਤੀ, ਜਿਸ ਕਾਰਨ ਉਸਦੇ ਅਤੇ ਉਸਦੇ ਭਰਾ ਤੇ ਉਸਦੀ ਪਤਨੀ, ਮਾਤਾ ਤੇ ਨਾਨੇ ਦੇ ਸੱਟਾਂ ਲੱਗੀਆਂ ਹਨ। ਦੂਸਰੇ ਪਾਸੇ ਇਸੇ ਝਗੜੇ ਵਿਚ ਜ਼ਖ਼ਮੀ ਪਿੰਡ ਕਮਾਲ ਵਾਲਾ ਵਾਸੀ ਮਨਜੀਤ ਕੌਰ (45) ਦੇ ਪਤੀ ਲਖਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿਚ ਕੁਝ ਜ਼ਮੀਨ ਪਈ ਹੈ ਅਤੇ ਬੇਸਹਾਰਾ ਪਸ਼ੂ ਉਨ੍ਹਾਂ ਦੀ ਜ਼ਮੀਨ ਵਿਚ ਬੀਜੀ ਹੋਈ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਸੰਬੰਧੀ ਜ਼ਮੀਨ ਦੇ ਸਾਹਮਣੇ ਰਹਿਣ ਵਾਲੇ ਵਿਅਕਤੀ ਉਨ੍ਹਾਂ ਨੂੰ ਆਪਣੀ ਜ਼ਮੀਨ 'ਤੇ ਪਸ਼ੂਆਂ ਦੇ ਬਚਾਅ ਸੰਬੰਧੀ ਤਾਰ ਨਹੀਂ ਲਾਉਣ ਦਿੰਦੇ। ਉਕਤ ਵਿਅਕਤੀਆਂ ਦੀ ਵੀ ਉੱਥੇ ਜ਼ਮੀਨ ਪਈ ਹੈ ਪਰ ਪੰਚਾਇਤੀ ਮਿਣਤੀ ਦੇ ਬਾਵਜੂਦ ਉਕਤ ਵਿਅਕਤੀ ਆਪਣੀ ਜ਼ਮੀਨ ਤੋਂ ਲੱਗਭਗ 20 ਫੁੱਟ ਅੱਗੇ ਵਧੇ ਹੋਏ ਹਨ। ਅੱਜ ਸਵੇਰੇ ਜਦੋਂ ਉਹ ਆਪਣੇ ਖੇਤ ਵਿਚ ਤਾਰ ਲਾਉਣ ਲਈ ਗਏ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸਦੀ ਪਤਨੀ ਮਨਜੀਤ ਕੌਰ ਅਤੇ ਭਤੀਜੇ ਸੁਖਵਿੰਦਰ ਸਿੰਘ (20) ਨੇ ਝਗੜੇ ਦੌਰਾਨ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਪਤਨੀ ਤੇ ਉਸਦੇ ਭਤੀਜੇ ਦੇ ਸੱਟਾਂ ਲੱਗੀਆਂ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 


Related News