ਸਾਨ੍ਹਾਂ ਨੇ ਮਚਾਈ ਦਹਿਸ਼ਤ, ਕੱਪੜੇ ਦੇ ਸ਼ੋਅਰੂਮ ਦੇ ਤੋੜੇ ਸ਼ੀਸ਼ੇ

07/21/2017 3:18:23 PM

ਮਲੋਟ (ਜੁਨੇਜਾ)-ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਗਿਣਤੀ 'ਚ ਦਿਨੋ-ਦਿਨ ਹੋ ਰਿਹਾ ਵਾਧਾ ਆਮ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਨ੍ਹਾਂ ਬੇਸਹਾਰਾ ਪਸ਼ੂਆਂ ਵੱਲੋਂ ਆਪਸ 'ਚ ਭਿੜ ਕੇ ਕਿਸ ਹੱਦ ਤੱਕ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਜਾਂਦਾ ਹੈ, ਇਹ ਅੱਜ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਸਥਾਨਕ ਪੁਰਾਣੀ ਸਬਜ਼ੀ ਮੰਡੀ ਬਾਜ਼ਾਰ 'ਚ ਸਾਨ੍ਹਾਂ ਨੇ ਆਪਸ 'ਚ ਭਿੜ ਕੇ ਇਕ ਕੱਪੜੇ ਦੇ ਸ਼ੋਅਰੂਮ ਦੇ ਸ਼ੀਸ਼ੇ ਤੋੜ ਦਿੱਤੇ। 
ਨਾਗਪਾਲ ਕਲਾਥ ਹਾਊਸ ਦੇ ਮਾਲਕ ਅਨਿਲ ਨਾਗਪਾਲ ਅਤੇ ਵਿਪਨ ਨਾਗਪਾਲ ਨੇ ਦੱਸਿਆ ਕਿ ਸਵੇਰੇ 12 ਵਜੇ ਅਚਾਨਕ ਦੋ ਸਾਨ੍ਹ ਬਾਜ਼ਾਰ 'ਚ ਆਪਸ ਵਿਚ ਭਿੜਨ ਲੱਗ ਪਏ ਤੇ ਭਿੜਦੇ-ਭਿੜਦੇ ਇਨ੍ਹਾਂ ਦੁਕਾਨ ਵੱਲ ਮੂੰਹ ਕਰ ਲਿਆ, ਜਿਸ ਕਾਰਨ ਪੂਰੇ ਬਾਜ਼ਾਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਨ੍ਹਾਂ ਸਾਨ੍ਹਾਂ ਨੇ ਟੱਕਰ ਮਾਰ ਕੇ ਸ਼ੋਅਰੂਮ ਦੇ ਫਰੰਟ ਵਾਲੇ ਸ਼ੀਸ਼ੇ ਤੋੜ ਦਿੱਤੇ ਅਤੇ 30-40 ਹਜ਼ਾਰ ਦਾ ਨੁਕਸਾਨ ਕਰ ਦਿੱਤਾ। ਅੰਦਰ ਕੱਪੜਾ ਖਰੀਦਣ ਲਈ ਬੈਠੇ ਗਾਹਕਾਂ 'ਚ ਹਾਹਾਕਾਰ ਮੱਚ ਗਈ ਅਤੇ ਭੱਜ ਕੇ ਦੂਜੀ ਮੰਜ਼ਿਲ ਵੱਲ ਜਾਣ ਲੱਗੇ। ਉਧਰ ਸ਼ੋਅਰੂਮ 'ਚ ਬੈਠਾ ਟੇਲਰ ਜੋਰਾ ਸਿੰਘ ਇਨ੍ਹਾਂ ਦੀ ਲਪੇਟ 'ਚ ਆਉਂਦਾ-ਆਉਂਦਾ ਮਸਾਂ ਬਚਿਆ, ਜਿਸ ਨੂੰ ਮਾੜੀਆਂ-ਮੋਟੀਆਂ ਸੱਟਾਂ ਲੱਗੀਆਂ।  
ਵੱਖ-ਵੱਖ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਸ਼ਹਿਰ ਦੇ ਹਰ ਮੁਹੱਲੇ ਦੀਆਂ ਗਲੀਆਂ, ਬਾਜ਼ਾਰਾਂ 'ਚ ਕਬਜ਼ਾ ਹੈ, ਜਿਸ ਕਰ ਕੇ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਤੋਂ ਇਲਾਵਾ ਅਕਸਰ ਦੋ ਪਹੀਆ ਵਾਹਨਾਂ ਨੂੰ ਇਨ੍ਹਾਂ ਕਰ ਕੇ ਰਸਤਾ ਬਦਲਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਨ੍ਹਾਂ ਦੀ ਸੰਭਾਲ ਦਾ ਕੋਈ ਠੋਸ ਪ੍ਰਬੰਧ ਕਰੇ।


Related News