ਨਾਕਾਬੰਦੀ ਦੌਰਾਨ ਫੜੇ ਗਏ 63.72 ਲੱਖ ਦੇ ਸੋਨੇ ਦੇ ਗਹਿਣਿਆਂ ’ਤੇ ਲੱਗਾ 4 ਲੱਖ ਟੈਕਸ ਤੇ ਜੁਰਮਾਨਾ
Thursday, May 16, 2024 - 02:06 PM (IST)
ਜਲੰਧਰ (ਪੁਨੀਤ)–ਨੈਸ਼ਨਲ ਹਾਈਵੇਅ ’ਤੇ ਹਾਈਟੈੱਕ ਨਾਕਾਬੰਦੀ ਦੌਰਾਨ ਜ਼ਬਤ ਕੀਤੇ ਗਏ 63.72 ਲੱਖ ਮੁੱਲ ਵਾਲੇ ਸੋਨੇ-ਹੀਰੇ ਦੇ ਗਹਿਣਿਆਂ ’ਤੇ ਲੱਗਭਗ 4 ਲੱਖ ਰੁਪਏ ਜੀ. ਐੱਸ. ਟੀ. ਅਤੇ ਜੁਰਮਾਨਾ ਲਗਾਇਆ ਗਿਆ ਹੈ। ਦਿੱਲੀ ਦੇ ਜਵੈਲਰ ਵੱਲੋਂ ਉਕਤ ਰਾਸ਼ੀ ਸਟੇਟ ਜੀ. ਐੱਸ. ਟੀ. ਵਿਭਾਗ ਨੂੰ ਜਮ੍ਹਾ ਕਰਵਾ ਦਿੱਤੀ ਗਈ, ਜਿਸ ਤੋਂ ਬਾਅਦ ਗਹਿਣੇ ਵਾਪਸ ਕਰਨ ਦੀ ਕਾਰਵਾਈ ਅਮਲ ਵਿਚ ਆ ਸਕੀ। ਵਿਅਕਤੀ ਦੇ ਖ਼ੁਦ ਪੇਸ਼ ਹੋਣ ਕਾਰਨ ਜੁਰਮਾਨਾ ਘੱਟ ਲੱਗਾ, ਨਹੀਂ ਤਾਂ ਜੁਰਮਾਨਾ ਰਾਸ਼ੀ 6 ਲੱਖ ਤੋਂ ਵੀ ਉੱਪਰ ਪਹੁੰਚ ਜਾਣੀ ਸੀ।
ਦਿੱਲੀ ਵਾਸੀ ਸਾਹਿਲ ਮੰਗਲਾ ਨਾਮਕ ਵਿਅਕਤੀ ਨੂੰ ਗਹਿਣੇ ਵਾਪਸ ਲੈਣ ਲਈ ਦਿੱਲੀ ਤੋਂ ਜਲੰਧਰ ਦੇ ਕਈ ਚੱਕਰ ਲਗਾਉਣੇ ਪਏ ਅਤੇ ਵੱਖ-ਵੱਖ ਵਿਭਾਗਾਂ ਤੋਂ ਐੱਨ. ਓ. ਸੀ. ਲੈਣੀ ਪਈ। ਇਸ ਲਈ ਇਨਕਮ ਟੈਕਸ ਵਿਭਾਗ ਤੋਂ ਐੱਨ. ਓ. ਸੀ. ਲੈਣਾ ਜ਼ਰੂਰੀ ਹੋ ਜਾਂਦਾ ਹੈ, ਜਿਸ ਕਾਰਨ ਸਬੰਧਤ ਵਿਅਕਤੀ ਨੂੰ ਇਧਰ-ਉਧਰ ਭਟਕਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ- ਭੈਣ ਨਾਲ ਰਿਲੇਸ਼ਨ 'ਚ ਰਹਿ ਰਹੇ ਦੋਸਤ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਬੋਲਿਆ, 'ਯਾਰੀ 'ਚ ਗੱਦਾਰੀ ਦਾ ਸਬਕ'
ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੈ, ਜਿਸ ਕਾਰਨ ਪੁਲਸ ਵੱਲੋਂ ਸਖ਼ਤੀ ਵਿਖਾਈ ਜਾ ਰਹੀ ਹੈ। ਇਸੇ ਲੜੀ ਵਿਚ 30 ਅਪ੍ਰੈਲ ਨੂੰ ਫਿਲੌਰ ਤੋਂ ਦਿੱਲੀ ਨੰਬਰ ਵਾਲੀ ਆਲਟੋ ਕਾਰ ਰਾਹੀਂ ਯੋਗੇਸ਼ ਨਾਮਕ ਵਿਅਕਤੀ ਤੋਂ 968 ਗ੍ਰਾਮ ਵਜ਼ਨ ਦੇ ਗਹਿਣੇ ਬਰਾਮਦ ਹੋਏ ਸਨ। ਇਨ੍ਹਾਂ ਦੀ ਵੈਲਿਊਏਸ਼ਨ ਕਰਵਾਉਣ ਤੋਂ ਬਾਅਦ 63.72 ਲੱਖ ਕੀਮਤ ਦੱਸੀ ਗਈ ਸੀ। ਪੁਲਸ ਵੱਲੋਂ ਪੁੱਛਗਿੱਛ ਕਰਨ ’ਤੇ ਉਕਤ ਵਿਅਕਤੀ ਕਾਗਜ਼ਾਤ ਨਹੀਂ ਵਿਖਾ ਸਕਿਆ। ਤੁਰੰਤ ਐਕਸ਼ਨ ਲੈਂਦਿਆਂ ਫਿਲੌਰ ਪੁਲਸ ਨੇ ਸਟੇਟ ਜੀ. ਐੱਸ. ਟੀ. ਵਿਭਾਗ ਨੂੰ ਸੂਚਿਤ ਕੀਤਾ ਸੀ। ਇਸ ’ਤੇ ਸਟੇਟ ਜੀ. ਐੱਸ. ਟੀ. ਮੋਬਾਈਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਐੱਸ. ਟੀ. ਓ. ਡੀ. ਐੱਸ. ਚੀਮਾ ਨੂੰ ਕਾਰਵਾਈ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਐੱਸ. ਟੀ. ਓ. ਚੀਮਾ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਸਬੰਧਤ ਗਹਿਣੇ, ਕਾਰ ਆਦਿ ਜ਼ਬਤ ਕਰ ਲਈ ਸੀ। ਕੁਝ ਦਿਨ ਪਹਿਲਾਂ ਉਕਤ ਵਿਅਕਤੀ ਵੱਲੋਂ ਕਾਰ ਰਿਲੀਜ਼ ਕਰਵਾ ਲਈ ਗਈ ਸੀ। ਹੁਣ ਗਹਿਣਿਆਂ ਨਾਲ ਸਬੰਧਤ ਕਾਗਜ਼ਾਤ ਪੂਰੇ ਕੀਤੇ ਗਏ ਅਤੇ ਇਨਕਮ ਟੈਕਸ ਤੋਂ ਐੱਨ. ਓ. ਸੀ. ਹਾਸਲ ਕੀਤੀ ਗਈ, ਜਿਸ ਤੋਂ ਬਾਅਦ ਗਹਿਣੇ ਰਿਲੀਜ਼ ਕੀਤੇ ਗਏ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ’ਚ 80 ਫ਼ੀਸਦੀ ਪੁਲਸ ਫੋਰਸ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਹੋਣਗੀਆਂ ਤਾਇਨਾਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8