ਚਲਾਨ ਤੋਂ ਬਚਣ ਲਈ ਗੱਡੀ ਦੇ ਸ਼ੀਸ਼ੇ ’ਤੇ ਲਾਇਆ ਜੱਜ ਦਾ ਸਟਿੱਕਰ, ਮਾਮਲਾ ਦਰਜ
Monday, May 20, 2024 - 01:28 PM (IST)
ਚੰਡੀਗੜ੍ਹ (ਸੁਸ਼ੀਲ) : ਚਲਾਨ ਤੋਂ ਬਚਣ ਲਈ ਨੰਬਰ ਪਲੇਟ ’ਤੇ ਕਾਲੇ ਰੰਗ ਦਾ ਪਰਦਾ ਅਤੇ ਸ਼ੀਸ਼ੇ ’ਤੇ ਜੱਜ ਦਾ ਸਟਿੱਕਰ ਲਗਾਇਆ ਹੋਇਆ ਸੀ। ਸੈਕਟਰ-48/49 ਦੇ ਚੌਰਾਹੇ ’ਤੇ ਟ੍ਰੈਫਿਕ ਵਿੰਗ ਦੇ ਮੁਲਾਜ਼ਮਾਂ ਨੇ ਗੱਡੀ ਰੋਕ ਲਈ। ਜਦੋਂ ਕਾਂਸਟੇਬਲ ਨੇ ਲਾਇਸੈਂਸ ਮੰਗਿਆ ਤਾਂ ਚਾਲਕ ਨੇ ਇਨਕਾਰ ਕਰ ਦਿੱਤਾ। ਚਾਲਕ ਨੇ ਕਿਹਾ ਕਿ ਲਾਇਸੈਂਸ ਕਾਂਸਟੇਬਲ ਨਹੀਂ ਸਗੋਂ ਸਬ-ਇੰਸਪੈਕਟਰ ਮੰਗ ਸਕਦਾ ਹੈ। ਇਸ ਦੌਰਾਨ ਸਬ-ਇੰਸਪੈਕਟਰ ਮੌਕੇ ’ਤੇ ਪਹੁੰਚ ਗਿਆ ਅਤੇ ਚਾਲਕ ਤੋਂ ਲਾਇਸੈਂਸ ਮੰਗਿਆ।
ਇਸ ’ਤੇ ਚਾਲਕ ਨੇ ਖ਼ੁਦ ਨੂੰ ਜੇ. ਐੱਮ. ਆਈ. ਸੀ. ਪ੍ਰਕਾਸ਼ ਯਾਨੀ ਨਿਆਇਕ ਮੈਜਿਸਟਰੇਟ ਫਸਟ ਕਲਾਸ ਦੱਸਿਆ। ਸਬ-ਇੰਸਪੈਕਟਰ ਵਾਰ-ਵਾਰ ਲਾਇਸੈਂਸ ਦੀ ਮੰਗ ਕਰਦਾ ਰਿਹਾ ਪਰ ਚਾਲਕ ਬਹਾਨੇ ਬਣਾ ਕੇ ਫ਼ੋਨ ’ਤੇ ਕਿਸੇ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਮੌਕੇ ’ਤੇ ਮੌਜੂਦ ਚੰਡੀਗੜ੍ਹ ਪੁਲਸ ਮੁਲਾਜ਼ਮਾਂ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ, ਜੋ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਕਤ ਵਿਅਕਤੀ ਖ਼ੁਦ ਨੂੰ ਜੱਜ ਦੱਸ ਕੇ ਪੁਲਸ ’ਤੇ ਧੌਂਸ ਜਮਾਉਂਦਾ ਰਿਹਾ।
ਹਾਲਾਂਕਿ ਪੁਲਸ ਨੇ ਵਾਰ-ਵਾਰ ਲਾਇਸੈਂਸ ਮੰਗਿਆ ਪਰ ਚਾਲਕ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਭਜਾ ਕੇ ਲੈ ਗਿਆ। ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਜੱਜ ਨਹੀਂ ਹੈ ਅਤੇ ਸੈਕਟਰ-51 ਦੇ ਮਕਾਨ ਨੰਬਰ 130 ਵਿਚ ਰਹਿੰਦਾ ਹੈ ਅਤੇ ਅਕਸਰ ਪੁਲਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ। ਪੁਲਸ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਸ ਦੇ ਖ਼ਿਲਾਫ਼ ਸੈਕਟਰ-49 ਥਾਣੇ ਵਿਚ ਧਾਰਾ 354 ਤਹਿਤ ਮਾਮਲਾ ਦਰਜ ਹੋਇਆ ਸੀ। ਚੌਰਾਹੇ ’ਤੇ ਤਾਇਨਾਤ ਜਵਾਨਾਂ ਨੇ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਕੇ ਰਿਪੋਰਟ ਭੇਜ ਦਿੱਤੀ ਹੈ।