ਮਰੀਜ਼ ਵਲੋਂ ਸ਼ਿਕਾਇਤ ਮਿਲਣ ''ਤੇ ਸਿਵਲ ਸਰਜਨ ਨੇ ਕੀਤੀ ਸਿਵਲ ਹਸਪਤਾਲ ਦੀ ਚੈਕਿੰਗ
Wednesday, Jan 21, 2026 - 05:06 PM (IST)
ਫ਼ਿਰੋਜ਼ਪੁਰ (ਸੋਨੂੰ ਚੋਪੜਾ) : ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਮਰੀਜ਼ ਵੱਲੋਂ ਸਹੀ ਢੰਗ ਨਾਲ ਇਲਾਜ ਨਾ ਮਿਲਣ ਸਬੰਧੀ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਨੂੰ ਫ਼ੋਨ ਕਰਕੇ ਸ਼ਿਕਾਇਤ ਕੀਤੀ ਗਈ। ਸਿਵਲ ਸਰਜਨ ਵੱਲੋਂ ਤੁਰੰਤ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਗਏ ਤਾਂ ਕਿ ਕਿਸੇ ਵੀ ਮਰੀਜ਼ ਨੂੰ ਇਲਾਜ਼ ਮਿਲਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਦੀ ਮਰੀਜ਼ ਵਲੋਂ ਦੁਬਾਰਾ ਸ਼ਿਕਾਇਤ ਕਰਨ 'ਤੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੇਰ ਰਾਤ ਖ਼ੁ ਸਿਵਲ ਹਸਪਤਾਲ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਬੀਤੀ ਦੇਰ ਰਾਤ ਉਨ੍ਹਾਂ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਐਮਰਜੈਂਸੀ ਵਾਰਡ ਅਤੇ ਜੱਚਾ-ਬੱਚਾ ਵਾਰਡ ਦੀ ਅਚਾਨਕ ਜਾਂਚ ਕੀਤੀ ਗਈ।
ਜਾਂਚ ਦੌਰਾਨ ਹਸਪਤਾਲ ਵਿੱਚ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ। ਕੁੱਝ ਕਰਮਚਾਰੀਆਂ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਢੰਗ ਨਾਲ ਨਾ ਨਿਭਾਉਣ ਦੇ ਮਾਮਲੇ ਵੀ ਸਾਹਮਣੇ ਆਏ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਵਲ ਹਸਪਤਾਲ਼ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਤਲਬ ਕੀਤਾ। ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਆਪਣਾ ਕੰਮ ਢੰਗ ਨਾਲ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਪਹਿਲ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੁਰੱਖਿਆ ਗਾਰਡਾਂ ਦੀ ਕਮੀ ਅਤੇ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਠਣ ਵਾਸਤੇ ਜਗ੍ਹਾ ਦੀ ਘਾਟ ਨੂੰ ਦੂਰ ਕਰਨ ਲਈ ਕੋਈ ਢੁੱਕਵੀਂ ਯੋਜਨਾਂ ਵੀ ਅਮਲ ਵਿੱਚ ਲਿਆਂਦੀ ਜਾਏਗੀ।
