ਨਸ਼ੇ ''ਚ ਧੁੱਤ ਡਰਾਈਵਰ ਨੇ ਘਰਾਂ ''ਤੇ ਚੜ੍ਹਾਇਆ ਟਰੱਕ
Wednesday, Feb 20, 2019 - 02:35 PM (IST)
ਚਵਿੰਡਾ ਦੇਵੀ (ਬਲਜੀਤ) : ਨਜ਼ਦੀਕੀ ਪਿੰਡ ਸ਼ਹਿਜ਼ਾਦਾ ਵਿਖੇ ਇਕ ਟਰੱਕ ਡਰਾਈਵਰ ਵਲੋਂ ਸ਼ਰਾਬ ਨੇ ਨਸ਼ੇ 'ਚ ਟਰੱਕ ਅਣਗਹਿਲੀ ਨਾਲ ਚਲਾਉਣ ਅਤੇ ਘਰਾਂ 'ਤੇ ਚੜ੍ਹਾਉਣ ਕਾਰਨ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਹਾਦਸਾ ਹੋਣ ਦੀ ਆਵਾਜ਼ ਸੁਣੀ, ਜਦ ਘਰ 'ਚੋਂ ਬਾਹਰ ਆ ਕੇ ਦੇਖਿਆ ਤਾਂ ਟਰੱਕ ਚਾਰਦੀਵਾਰੀ ਤੋੜ ਕੇ ਘਰ 'ਚ ਦਾਖਲ ਹੋ ਚੁੱਕਾ ਸੀ, ਜਿਸ 'ਤੇ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮੇਰੇ ਘਰ ਸਮੇਤ ਪੰਚਾਇਤ ਘਰ ਤੇ ਸਰਕਾਰੀ ਬੱਸ ਸਟੈਂਡ ਦੀ ਕੰਧ ਟੁੱਟ ਗਈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਆਏ ਦਿਨ ਵੱਡੇ ਵਾਹਨ ਇਨ੍ਹਾਂ ਰਸਤਿਆਂ ਤੋਂ ਬੜੀ ਤੇਜ਼ ਰਫਤਾਰ ਨਾਲ ਲੰਘਦੇ ਹਨ, ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਅਖੀਰ ਕੈਪਟਨ ਸਿੰਘ, ਸ਼ਮਸ਼ੇਰ ਸਿੰਘ, ਸਾਬਕਾ ਸਰਪੰਚ ਬਲਵੰਤ ਸਿੰਘ, ਪ੍ਰਗਟ ਸਿੰਘ, ਗੁਰਦੀਪ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਐੱਸ. ਐੱਚ. ਓ. ਕੱਥੂਨੰਗਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਘਟਨਾ ਦੀ ਖਬਰ ਮਿਲਦੇ ਹੀ ਡਰਾਈਵਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ ਤੇ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।