ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਬੇਟੇ ਦੀਆਂ ਅੱਖਾਂ ਸਾਹਮਣੇ ਹੋਇਆ ਹਾਦਸਾ
Monday, Dec 22, 2025 - 08:51 AM (IST)
ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਇਲਾਕੇ ’ਚ ਲਾਪ੍ਰਵਾਹੀ ਨਾਲ ਚਲਾਏ ਗਏ ਟਰੱਕ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ ’ਤੇ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਸ਼ਿਕਾਇਤਕਰਤਾ ਰੋਹਿਤ ਕੁਮਾਰ ਝਾਅ ਵਾਸੀ ਨਿਊ ਅੰਬੇਡਕਰ ਨਗਰ, ਗਿਆਸਪੁਰਾ ਨੇ ਪੁਲਸ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਲਗਭਗ 8.15 ਵਜੇ ਉਸ ਦੇ ਪਿਤਾ ਨਵਲ ਕੁਮਾਰ ਝਾਅ (46) ਡਿਊਟੀ ਖ਼ਤਮ ਕਰ ਕੇ ਆਪਣੇ ਮੋਟਰਸਾਈਤਲ ’ਤੇ ਘਰ ਵਾਪਸ ਆ ਰਹੇ ਸਨ। ਰੋਹਿਤ ਕੁਮਾਰ ਖੁਦ ਵੀ ਆਪਣੇ ਪਿਤਾ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਜਦ ਨਵਲ ਕੁਮਾਰ ਝਾਅ ਕਾਨਪੁਰੀਆ ਢਾਬੇ ਤੋਂ ਥੋੜ੍ਹੀ ਅੱਗੇ ਪੁੱਜਿਆ ਤਾਂ ਇਕ ਅਣਪਛਾਤੇ ਟਰੱਕ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਟੈਕਸਟਾਈਲ ਰੰਗਾਈ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ
ਹਾਦਸੇ ’ਚ ਨਵਲ ਕੁਮਾਰ ਝਾਅ ਨੂੰ ਗੰਭੀਰ ਸੱਟਾਂ ਲੱਗੀਆਂ। ਘਟਨਾ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ, ਲੁਧਿਆਣਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ ਨਾਲ ਪਰਿਵਾਰ ’ਚ ਮਾਤਮ ਫੈਲ ਗਿਆ ਹੈ। ਸੂਚਨਾ ਮਿਲਣ ’ਤੇ ਥਾਣਾ ਮੋਤੀ ਨਗਰ ਪੁਲਸ ਮੌਕੇ ’ਤੇ ਪੁੱਜੀ ਅਤੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਮੁਲਜ਼ਮ ਚਾਲਕ ਦੀ ਪਛਾਣ ਕੀਤੀ ਜਾ ਸਕੇ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਟਰੱਕ ਚਾਲਕ ਨੂੰ ਫੜ ਲਿਆ ਜਾਵੇਗਾ ਅਤੇ ਨਿਯਮਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
