ਪੰਜਾਬ 'ਚ ਧੁੰਦ ਕਾਰਨ ਵੱਡਾ ਹਾਦਸਾ: ਕਾਰ ਨੂੰ ਬਚਾਉਂਦਿਆਂ ਡਿਵਾਈਡਰ ਟੱਪ ਕੇ ਪਲਟਿਆ ਟਰੱਕ
Saturday, Dec 20, 2025 - 12:26 PM (IST)
ਗੁਰਦਾਸਪੁਰ (ਗੁਰਪ੍ਰੀਤ)- ਲਗਾਤਾਰ ਪੈ ਰਹੀ ਸੰਘਣੀ ਧੁੰਦ ਇਲਾਕੇ ਵਿੱਚ ਸੜਕ ਹਾਦਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ। ਪਠਾਨਕੋਟ–ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਸਥਿਤ ਬੱਬਰੀ ਬਾਈਪਾਸ ਨੇੜੇ ਖਤਰਨਾਕ ਮੋੜ ਅਤੇ ਘੱਟ ਦ੍ਰਿਸ਼ਟਤਾ ਕਾਰਨ ਮੁੜ- ਮੁੜ ਹਾਦਸੇ ਵਾਪਰ ਰਹੇ ਹਨ। ਅੱਜ ਸਵੇਰੇ ਸੰਘਣੀ ਧੁੰਦ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਅੱਗੇ ਅਚਾਨਕ ਆਈ ਗੱਡੀ ਨੂੰ ਬਚਾਉਂਦੇ ਹੋਏ ਕਾਗਜ਼ ਦੇ ਰੂਲਿਆਂ ਨਾਲ ਭਰਿਆ ਇੱਕ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਟੱਪ ਗਿਆ ਅਤੇ ਪਲਟੀਆਂ ਖਾਂਦਾ ਹੋਇਆ ਰੋਂਗ ਸਾਈਡ ਦੇ ਵਨ ਵੇ ‘ਤੇ ਜਾ ਉਲਟਿਆ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਗਨੀਮਤ ਰਹੀ ਕਿ ਇਸ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰੱਕ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਵੀ ਇਸੇ ਥਾਂ ‘ਤੇ ਦੋ ਕਾਰਾਂ ਦੀ ਆਪਸੀ ਟੱਕਰ ਹੋਈ ਸੀ। ਹਾਲਾਂਕਿ ਉਸ ਹਾਦਸੇ ਵਿੱਚ ਵੀ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਦੋਵੇਂ ਕਾਰ ਸਵਾਰਾਂ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਲੱਗੀਆਂ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਟਰੱਕ ਡਰਾਈਵਰ ਸੰਜੀਵ ਸਿੰਘ ਨੇ ਦੱਸਿਆ ਕਿ ਉਹ ਜੰਮੂ ਤੋਂ ਰਾਜਸਥਾਨ ਦੇ ਭੀਲਵਾੜਾ ਵੱਲ ਕਾਗਜ਼ ਦੇ ਰੂਲੇ ਲੱਦ ਕੇ ਜਾ ਰਿਹਾ ਸੀ। ਜਦੋਂ ਉਹ ਬੱਬਰੀ ਬਾਈਪਾਸ ‘ਤੇ ਪਹੁੰਚਿਆ ਤਾਂ ਸੰਘਣੀ ਧੁੰਦ ਕਾਰਨ ਅੱਗੇ ਜਾ ਰਹੀ ਗੱਡੀ ਉਸਨੂੰ ਨਜ਼ਰ ਨਹੀਂ ਆਈ। ਜਿਵੇਂ ਹੀ ਅਚਾਨਕ ਗੱਡੀ ਦਿਖਾਈ ਦਿੱਤੀ, ਉਸ ਨੇ ਇਕਦਮ ਬਰੇਕ ਮਾਰੀ, ਜਿਸ ਨਾਲ ਟਰੱਕ ਤੋਂ ਸੰਤੁਲਨ ਵਿਗੜ ਗਿਆ ਅਤੇ ਟਰੱਕ ਡਿਵਾਈਡਰ ਟੱਪ ਕੇ ਪਲਟ ਗਿਆ। ਮੌਕੇ ‘ਤੇ ਮੌਜੂਦ ਏਐਸਆਈ ਰਸ਼ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਕ ਪਲਟਣ ਨਾਲ ਕਾਗਜ਼ ਦੇ ਰੂਲੇ ਸੜਕ ‘ਤੇ ਬਿਖਰ ਗਏ ਸਨ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਰੂਲਿਆਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਬਹਾਲ ਕਰ ਦਿੱਤਾ ਗਿਆ। ਟਰੱਕ ਦੇ ਮਾਲਕ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਟਰੱਕ ਨੂੰ ਸੜਕ ਤੋਂ ਹਟਾ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
