ਨਸ਼ੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ, 2 ਧੀਆਂ ਦੇ ਪਿਓ ਦੀ ਓਵਰਡੋਜ਼ ਨਾਲ ਮੌਤ
Sunday, Dec 21, 2025 - 12:16 PM (IST)
ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਸ਼ਹਿਰ ਦੇ ਗਾਂਧੀਨਗਰ ’ਚ ਕਰੀਬ 25 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਅਤੇ ਦੋ ਛੋਟੀਆਂ-ਛੋਟੀਆਂ ਧੀਆਂ ਹਨ। ਮ੍ਰਿਤਕ ਨੌਜਵਾਨ ਗੌਰਵ ਉਰਫ ਗੋਰਾ ਦੀ ਪਤਨੀ ਅਤੇ ਪਿਤਾ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਸੀ ਅਤੇ ਆਟੋ ਰਿਕਸ਼ਾ ਚਲਾਉਂਦਾ ਸੀ। ਉਸ ਨੂੰ ਨਸ਼ਾ ਛੁਡਾਉਣ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਸ ਨੇ ਇਕ ਵਾਰ ਨਸ਼ਾ ਛੱਡ ਦਿੱਤਾ ਸੀ ਅਤੇ ਬਚ ਗਿਆ ਸੀ ਪਰ ਫਿਰ ਨਸ਼ੇ ਦੀ ਦਲ-ਦਲ ’ਚ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਜਾਣਕਾਰੀ ਦਿੰਦੇ ਮ੍ਰਿਤਕ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਗੌਰਵ ਨੂੰ ਨਸ਼ੇ ਦੀ ਦਲ-ਦਲ ਵਿਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇਸ ਦਲ-ਦਲ ’ਚੋਂ ਬਾਹਰ ਨਹੀਂ ਨਿਕਲ ਸਕਿਆ। ਗੌਰਵ ਦੀ ਪਤਨੀ ਅਤੇ ਬੱਚਿਆਂ ਕੋਲ ਗੁਜ਼ਾਰਾ ਕਰਨ ਦਾ ਕੋਈ ਸਾਧਨ ਨਹੀਂ ਹੈ, ਸਰਕਾਰ ਬੱਚਿਆਂ ਦੀ ਵਿੱਤੀ ਮਦਦ ਕਰੇ ਹੈ ਅਤੇ ਨਸ਼ੇ ਦੀ ਦਲ-ਦਲ ’ਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਦੂਜੇ ਪਾਸੇ ਗਾਂਧੀ ਨਗਰ ਦੇ ਕੌਂਸਲਰ ਅਮਰਜੀਤ ਨਾਰੰਗ ਨੇ ਦੱਸਿਆ ਕਿ ਗੌਰਵ ਉਰਫ ਗੋਰਾ ਦੀ ਨਸ਼ਾ ਕਰਨ ਦੀ ਆਦਤ ਛਡਾਉਣ ਲਈ ਉਸ ਦੇ ਪਰਿਵਾਰ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਪਰ ਇਕ ਵਾਰ ਨਸ਼ਾ ਛੱਡਣ ਦੇ ਬਾਅਦ ਜਦ ਦੁਬਾਰਾ ਨਸ਼ੇ ਦੀ ਦਲ-ਦਲ ’ਚ ਫਸ ਗਿਆ ਤਾਂ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ
ਕੌਂਸਲਰ ਅਮਰਜੀਤ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕ ਦੀ ਪਤਨੀ ਅਤੇ ਦੋ ਜਵਾਨ ਧੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ। ਪੀੜਤ ਪਰਿਵਾਰ ਦੇ ਘਰ ਦੀ ਹਾਲਤ ਬਹੁਤ ਖਸਤਾ ਹੈ ਅਤੇ ਬਾਲੇ ਵਾਲੀਆਂ ਛੱਤਾਂ ਹਨ, ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦੇ ਕੇ ਪਰਿਵਾਰ ਦੇ ਲਈ ਪੱਕਾ ਘਰ ਬਣਾਇਆ ਜਾਵੇ। ਕੌਂਸਲਰ ਨਾਰੰਗ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਜਦੋਂ ਫਿਰੋਜ਼ਪੁਰ ਪੁਲਸ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਮਾਤਰਾ ’ਚ ਨਸ਼ਾ ਫੜ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਨਸ਼ੇ ਦੀ ਸਪਲਾਈ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਨਸ਼ੇ ਦੀ ਦਲ-ਦਲ ’ਚ ਫਸੇ ਨੌਜਵਾਨਾਂ ਨੂੰ ਬਚਾਇਆ ਜਾਵੇ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
