ਸਮਰਾਲਾ ਚੌਕ ''ਚ ਤੇਜ਼ ਰਫ਼ਤਾਰ ਟਰੱਕ ਦਾ ਕਹਿਰ, ਬਾਈਕ ਸਵਾਰ ਨੂੰ ਦਰੜਿਆ
Saturday, Dec 20, 2025 - 02:00 PM (IST)
ਲੁਧਿਆਣਾ (ਮੰਨੀ): ਸਮਰਾਲਾ ਚੌਕ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਚਾਲਕ ਨੂੰ ਟੱਕਰ ਮਾਰ ਦਿੱਤੀ। ਹਾਦਸਾ ਸ਼ੁੱਕਰਵਾਰ ਰਾਤ 9 ਵਜੇ ਦੇ ਕਰੀਬ ਵਾਪਰਿਆ। ਇਸ ਦੌਰਾਨ ਵਿਅਕਤੀ ਦੀ ਜਾਨ ਤਾਂ ਬੱਚ ਗਈ, ਪਰ ਟਰੱਕ ਉਸ ਦੀਆਂ ਦੋਹਾਂ ਲੱਤਾਂ ਉੱਪਰੋਂ ਲੰਘ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਮੁਲਾਜ਼ਮ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 9.20 ਵਜੇ ਦੇ ਕਰੀਬ ਜਾਣਕਾਰੀ ਮਿਲੀ ਸੀ ਕਿ ਸਮਰਾਲਾ ਚੌਕ ਨੇੜੇ ਕਾਨਪੁਰੀਆ ਢਾਬੇ ਦੇ ਨੇੜੇ ਵਾਪਰਿਆ ਹੈ। ਲੋਕਾਂ ਨੇ ਦੱਸਿਆ ਕਿ ਬਾਈਕ ਪੁਲ਼ ਤੋੰ ਹੇਠਾਂ ਉਤਰ ਰਹੀ ਸੀ। ਤੇਜ਼ ਰਫ਼ਤਾਰ ਟਰੱਕ ਆਇਆ ਤੇ ਵਿਅਕਤੀ ਨੂੰ ਟੱਕਰ ਮਾਰਦਾ ਹੋਇਆ ਉਸ ਦੇ ਉੱਪਰੋਂ ਲੰਘ ਗਿਆ। ਇਸ ਹਾਦਸੇ ਵਿਚ ਬਾਈਕ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਜ਼ਖ਼ਮੀ ਨੂੰ ਕੈਂਸਰ ਹਸਪਤਾਲ ਪਹੁੰਚਾਇਆ ਗਿਆ। ਫ਼ਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ। ਮੌਕੇ 'ਤੇ ਮੌਜੂਦ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਟਰੱਕ ਦਾ ਪਿੱਛਾ ਵੀ ਕੀਤਾ, ਪਰ ਡਰਾਈਵਰ ਟਰੱਕ ਨੂੰ ਟ੍ਰਾਂਸਪੋਰਟ ਨਗਰ ਵੱਲ ਭਜਾ ਕੇ ਲੈ ਗਿਆ।
