ਕਿਸਾਨਾਂ ਦੇ ਜ਼ਖਮਾਂ ''ਤੇ ਮਲ੍ਹਮ ਲਗਾ ਰਹੇ ਸਿੱਧੂ, ਜੇਬ ''ਚੋਂ ਦਿੱਤੇ 15 ਲੱਖ ਰੁਪਏ
Wednesday, Oct 04, 2017 - 06:35 PM (IST)
ਅੰਮ੍ਰਿਤਸਰ (ਬਿਊਰੋ) - ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰਾਜਾਸਾਂਸੀ ਦੇ ਫਸਲ ਸੜ ਜਾਣ ਤੋਂ ਪਰੇਸ਼ਾਨ ਕਿਸਾਨਾਂ ਨੂੰ ਆਪਣੀ ਜੇਬ 'ਚੋਂ 15 ਲੱਖ ਰੁਪਏ ਦੇ ਕੇ ਮਦਦ ਦਿੱਤੀ ਹੈ। ਇਨ੍ਹਾਂ ਕਿਸਾਨਾਂ ਦੀ 202 ਏਕੜ ਖੇਤਰ 'ਚ ਲੱਗੀ ਫਸਲ ਅਪ੍ਰੈਲ 'ਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਸੜ ਗਈ ਸੀ। ਉਸ ਸਮੇਂ ਸਿੱਧੂ ਨੇ ਘੋਸ਼ਣਾ ਕੀਤੀ ਸੀ ਕਿ ਕਿਸਾਨਾਂ ਨੂੰ ਜਿੰਨੀ ਰਾਸ਼ੀ ਸਰਕਾਰ ਦੇਵੇਗੀ ਉਹ ਖੁਦ ਵੀ ਕਿਸਾਨਾਂ ਨੂੰ ਆਪਣੀ ਜੇਬ 'ਚੋਂ ਸਰਕਾਰ ਜਿੰਨੀ ਰਾਸ਼ੀ ਦੇਣਗੇ।
ਸਿੱਧੂ ਨੇ ਇਕ ਸਮਾਗਮ 'ਚ ਪਹੁੰਚ ਅੱਗ ਲੱਗਣ ਕਾਰਨ ਆਪਣੀ ਫਸਲ ਗਵਾਉਣ ਵਾਲੇ ਕਿਸਾਨਾਂ ਨੂੰ ਆਪਣੇ ਵੱਲੋਂ ਮਦਦ ਲਈ ਚੈੱਕ ਦਿੱਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਪ੍ਰਤੀ ਉਹ ਆਪਣੀ ਜਿੰਮੇਵਾਰੀ ਸਮਝ ਕੇ ਦੇ ਰਹੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਨੁਕਸਾਨ ਉਠਾਉਣ ਵਾਲੇ ਕਿਸਾਨਾਂ ਨੂੰ ਰਾਹਤ ਮਿਲੇਗੀ।
ਇਸ ਮੌਕੇ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅਕਾਲੀ ਦਲ 'ਤੇ ਨਿਸ਼ਾਨੇ ਸਾਧੇ। ਇਹ ਪੁੱਛੇ ਜਾਣ 'ਤੇ ਕਿ ਉਹ ਅਜੇ ਤੱਕ ਭਾਜਪਾ ਬਾਰੇ ਕੁਝ ਕਿਉਂ ਨਹੀਂ ਬੋਲਦੇ, ਸਿੱਧੂ ਨੇ ਕਿਹਾ ਕਿ ਭਾਜਪਾ ਦੇ ਪੱਲੇ ਕੁਝ ਨਹੀਂ ਹੈ। ਅਕਾਲੀ ਦਲ ਦਾ ਜਥੇਦਾਰ ਉਨ੍ਹਾਂ ਦੇ ਨੇਤਾਵਾਂ ਤੋਂ ਤਕੜਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭਾਜਪਾ ਬਾਰੇ ਕੀ ਬੋਲਿਆ ਜਾਵੇ।
