ਇਟਲੀ ਭੇਜਣ ਦੇ ਨਾਂ ’ਤੇ 10.40 ਲੱਖ ਰੁਪਏ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
Wednesday, Aug 05, 2026 - 12:20 PM (IST)
ਬਠਿੰਡਾ (ਮਨਜੀਤ) : ਪੰਜਾਬ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ ਗਿਰੋਹਾਂ ਅਤੇ ਕਥਿਤ ਟ੍ਰੈਵਲ ਏਜੰਟਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ’ਚ ਥਾਣਾ ਸੰਗਤ ਪੁਲਸ ਨੇ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਦੇ ਰਹਿਣ ਵਾਲੇ ਪਤੀ-ਪਤਨੀ ਖ਼ਿਲਾਫ਼ ਇਟਲੀ ਭੇਜਣ ਦਾ ਝਾਂਸਾ ਦੇ ਕੇ ਇਕ ਪਰਿਵਾਰ ਨਾਲ 10 ਲੱਖ 40 ਹਜ਼ਾਰ ਰੁਪਏ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਪਿੰਡ ਕੋਟਗੁਰੂ ਦੇ ਵਸਨੀਕ ਮੰਦਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਇਆ ਹੈ ਕਿ ਜੱਸੀ ਬਾਗਵਾਲੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਉਸ ਦੀ ਪਤਨੀ ਕਿਰਨਜੀਤ ਕੌਰ ਨੇ ਉਸ ਦੇ ਪੁੱਤਰ ਯਾਦਵਿੰਦਰ ਸਿੰਘ ਨੂੰ ਇਟਲੀ ਭੇਜਣ ਦਾ ਭਰੋਸਾ ਦਿੱਤਾ ਸੀ। ਸ਼ਿਕਾਇਤ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਆਪਣੇ ਆਪ ਨੂੰ ਵਿਦੇਸ਼ ਭੇਜਣ ਦੀ ਪ੍ਰਕਿਰਿਆ ’ਚ ਮਾਹਿਰ ਦੱਸਦਿਆਂ ਪਰਿਵਾਰ ਦਾ ਭਰੋਸਾ ਜਿੱਤ ਲਿਆ।
ਉਨ੍ਹਾਂ ਨੇ ਵੀਜ਼ਾ, ਵਰਕ ਪਰਮਿੱਟ ਅਤੇ ਹੋਰ ਕਾਗਜ਼ੀ ਕਾਰਵਾਈ ਦੇ ਨਾਂ ’ਤੇ ਸਮੇਂ-ਸਮੇਂ ’ਤੇ ਵੱਡੀ ਰਕਮ ਦੀ ਮੰਗ ਕੀਤੀ। ਵਿਦੇਸ਼ ’ਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਦਿਖਾ ਕੇ ਉਨ੍ਹਾਂ ਨੇ ਕੁੱਲ 10 ਲੱਖ 40 ਹਜ਼ਾਰ ਰੁਪਏ ਹਾਸਲ ਕਰ ਲਏ। ਪੀੜਤ ਨੇ ਦੋਸ਼ ਲਗਾਇਆ ਕਿ ਪੈਸੇ ਲੈਣ ਤੋਂ ਬਾਅਦ ਵੀ ਨਾ ਤਾਂ ਉਸ ਦੇ ਪੁੱਤਰ ਨੂੰ ਇਟਲੀ ਭੇਜਿਆ ਗਿਆ ਅਤੇ ਨਾ ਹੀ ਦਿੱਤੀ ਗਈ ਰਕਮ ਵਾਪਸ ਕੀਤੀ ਗਈ। ਜਦੋਂ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਦੋਸ਼ੀ ਟਾਲ-ਮਟੋਲ ਕਰਨ ਲੱਗੇ ਅਤੇ ਬਾਅਦ ’ਚ ਸੰਪਰਕ ਵੀ ਘੱਟ ਕਰ ਦਿੱਤਾ। ਇਸ ਤੋਂ ਬਾਅਦ ਆਪਣੇ ਨਾਲ ਹੋਈ ਕਥਿਤ ਠੱਗੀ ਦਾ ਅਹਿਸਾਸ ਹੋਣ ’ਤੇ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਵੱਲੋਂ ਸ਼ਿਕਾਇਤ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਗੁਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਕਿਰਨਜੀਤ ਕੌਰ ਵਿਰੁੱਧ ਧੋਖਾਦੇਹੀ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਇਸ ਸਮੇਂ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਜਾਂਚ ਦੌਰਾਨ ਹੋਰ ਪੀੜਤ ਜਾਂ ਹੋਰ ਤੱਥ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਜਾਵੇਗਾ।
