ਵਪਾਰੀ ਦੇ ਘਰੋਂ 15 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ
Saturday, Aug 01, 2026 - 06:07 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੀ ਸੰਘਣੀ ਅਬਾਦੀ ’ਚੋਂ ਇਕ ਵਪਾਰੀ ਦੇ ਘਰ 15 ਲੱਖ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਉਸਦੇ ਗੁਪਤ ਲਾਕਰ ’ਚੋਂ ਭੇਤਭਰੇ ਢੰਗ ਨਾਲ ਚੋਰੀ ਹੋਣ ਦੇ ਮਾਮਲੇ ਵਿਚ ਪੁਲਸ ਨੇ ਇਹ ਮਾਮਲਾ ਸੁਲਝਾਉਂਦਿਆਂ ਚੋਰੀ ਦੀ ਹੀ ਸ਼ਿਕਾਇਤ ਕਰਨ ਵਾਲੇ ਵਪਾਰੀ ਅਭੈ ਕੁਮਾਰ ਅਤੇ ਉਸਦੇ ਨਾਬਾਲਗ ਪੁੱਤਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਅੱਜ ਡੀ.ਐੱਸ.ਪੀ. ਸਮਰਾਲਾ ਪ੍ਰਿਤਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਘਰ ’ਚ ਚੋਰੀ ਹੋਣ ਸਬੰਧੀ ਸ਼ਿਕਾਇਤਕਰਤਾ ਅਭੈ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਘਰੋਂ 15 ਲੱਖ ਰੁਪਏ ਦੇ ਗਹਿਣੇ ਚੋਰੀ ਹੋ ਗਏ ਹਨ ਜਿਸ ਸਬੰਧੀ ਉਸ ਨੂੰ ਸ਼ਹਿਰ ਦੇ ਹੀ ਇਕ ਵਿਅਕਤੀ ਉੱਪਰ ਸ਼ੱਕ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਪੁਲਸ ਵਲੋਂ ਜਦੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਵਪਾਰੀ ਅਭੈ ਕੁਮਾਰ ਦਾ ਨਾਬਾਲਗ ਪੁੱਤਰ ਘਰ ’ਚੋਂ ਹੀ ਲੱਖਾਂ ਰੁਪਏ ਚੋਰੀ ਕਰਕੇ ਮੋਟਰਸਾਈਕਲ, ਮਹਿੰਗੇ ਫੋਨ, ਸੋਨੇ ਦਾ ਬਰੈਸਲੈੱਟ ਅਤੇ ਹੋਰ ਐਸ਼ਪ੍ਰਸਤੀ ਦਾ ਸਮਾਨ ਖਰੀਦ ਕਰ ਗਿਆ।
ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਸ ਕੋਲ ਅਭੈ ਕੁਮਾਰ ਨੇ ਗੁੰਮਰਾਹ ਕਰਨ ਵਾਲੀ ਝੂਠੀ ਸ਼ਿਕਾਇਤ ਦਰਜ ਕਰਵਾਈ ਜਦਕਿ ਉਸਦਾ ਨਾਬਾਲਗ ਪੁੱਤਰ ਹੀ ਲੱਖਾਂ ਰੁਪਏ ਚੋਰੀ ਕਰਕੇ ਮਹਿੰਗੇ ਸਮਾਨ ਖਰੀਦ ਰਿਹਾ ਸੀ। ਡੀ.ਐੱਸ.ਪੀ. ਨੇ ਕਿਹਾ ਕਿ ਦੋਵੇਂ ਪਿਓ-ਪੁੱਤਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
