ਵਰਕ ਵੀਜ਼ਾ ਲਗਵਾਉਣ ਦੇ ਨਾਂ ਤੇ 1.50 ਲੱਖ ਰੁਪਏ ਦੀ ਠੱਗੀ
Wednesday, Aug 05, 2026 - 02:44 PM (IST)
ਲੁਧਿਆਣਾ (ਰਾਜ)- ਵਿਦੇਸ਼ ਭੇਜਣ ਅਤੇ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਡੇਢ ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਥਾਣਾ ਡਵੀਜਨ ਨੰਬਰ 5 ਦੀ ਪੁਲਸ ਨੇ ਪਰਮਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਦੋਸ਼ੀ ਗੋਬਿੰਦ ਸਿੰਘ ਕਡਿਆਰ, ਅਮਨਦੀਪ ਕੌਰ ਤੇ ਸਤਨਾਮ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਭਤੀਜੇ ਦਾ ਸਾਈਪ੍ਰਸ ਦਾ ਵੀਜ਼ਾ ਲਗਵਾਉਣ ਦਾ ਭਰੋਸਾ ਦਿਵਾਇਆ। ਮੁਲਜ਼ਮਾਂ ਦੀਆਂ ਗੱਲਾਂ ’ਚ ਆ ਕੇ ਸ਼ਿਕਾਇਤਕਰਤਾ ਨੇ ਭਤੀਜੇ ਦੇ ਸੁਨਹਿਰੀ ਭਵਿੱਖ ਲਈ ਮੁਲਜ਼ਮਾਂ ਨੂੰ ਡੇਢ ਲੱਖ ਦੀ ਰਕਮ ਦੇ ਦਿੱਤੀ। ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਨਾਂ ਤਾਂ ਉਨ੍ਹਾਂ ਦੇ ਭਤੀਜੇ ਦਾ ਵੀਜਾ ਲਵਾਇਆ ਤੇ ਨਾ ਹੀ ਉਨ੍ਹਾਂ ਦਾ ਵਰਕ ਪਰਮਿਟ ਤਿਆਰ ਕਰਵਾਇਆ।
ਜਦ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਵੀਜ਼ਾ ਨਹੀ ਆਇਆ ਤਾਂ ਪੀੜਤ ਨੇ ਮੁਲਜ਼ਮਾਂ ਤੋਂ ਆਪਣੇ ਪੈਸੇ ਮੰਗੇ। ਪੈਸੇ ਮੰਗਣ ’ਤੇ ਮੁਲਜ਼ਮ ਪਹਿਲਾਂ ਟਾਲਮਟੋਲ ਕਰਨ ਲੱਗੇ ਤੇ ਬਾਅਦ ਵਿਚ ਰਕਮ ਵਾਪਸ ਕਰਨ ਤੋਂ ਸਾਫ ਮੁੱਕਰ ਗਏ। ਥੋਖੇ ਦਾ ਅਹਿਸਾਸ ਹੋਣ ’ਤੇ ਪੀੜਤ ਨੇ ਪੁਲਸ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ।
