ਵਿਅਕਤੀ ਦੇ ਬੈਂਕ ਖ਼ਾਤੇ ’ਚੋਂ 5 ਟਰਾਂਜੈਕਸ਼ਨਾਂ ਰਾਹੀਂ 7 ਲੱਖ 16 ਰਜ਼ਾਰ 36 ਰੁਪਏ ਕੱਢਵਾਏ
Tuesday, Aug 04, 2026 - 04:57 PM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ) : ਵਿਅਕਤੀ ਦੇ ਬੈਂਕ ਖ਼ਾਤੇ ’ਚੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ 5 ਟਰਾਂਜੈਕਸ਼ਨਾਂ ’ਚ 7 ਲੱਖ 16 ਹਜ਼ਾਰ 36 ਰੁਪਏ 26 ਪੈਸੇ ਕੱਢਵਾ ਲਏ ਗਏ ਹਨ। ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਰਾਜੇਸ਼ ਕੱਕੜ ਪੁੱਤਰ ਸ਼ਾਮ ਲਾਲ ਵਾਸੀ ਤੂੜੀ ਬਾਜ਼ਾਰ ਫਿਰੋਜ਼ਪੁਰ ਸ਼ਹਿਰ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦਾ ਆਈ. ਡੀ. ਬੀ. ਆਈ. ਬੈਂਕ ਫਿਰੋਜ਼ਪੁਰ ’ਚ ਬੈਂਕ ਅਕਾਊਂਟ ਹੈ।
29 ਜੁਲਾਈ 2026 ਨੂੰ ਜਦੋਂ ਉਸਨੇ ਆਪਣਾ ਅਕਾਊਂਟ ਚੈੱਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੇ ਬੈਂਕ ਖਾਤੇ ਵਿਚੋਂ 26 ਜੁਲਾਈ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ 5 ਟਰਾਂਜੈਕਸ਼ਨਾਂ ਰਾਹੀਂ 7 ਲੱਖ 16 ਹਜ਼ਾਰ 36 ਰੁਪਏ 26 ਪੈਸੇ ਕੱਢਵਾ ਲਏ ਹਨ। ਇਸ ਸਬੰਧੀ ਉਸ ਨੇ 30 ਜੁਲਾਈ ਨੂੰ 1930 ਹੈਲਪਲਾਈਨ ਨੰਬਰ ’ਤੇ ਰਿਪੋਰਟ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਪੁਲਸ ਵੱਲੋਂ ਰਾਜੇਸ਼ ਕੱਕੜ ਨਾਲ ਹੋਏ ਇਸ ਫਰਾਡ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੇ ਬੈਂਕ ਖਾਤੇ ’ਚੋਂ ਲੱਖਾਂ ਰੁਪਏ ਕੱਢਵਾ ਕੇ ਫਰਾਡ ਕਰਨ ਵਾਲੇ ਵਿਅਕਤੀ ਦਾ ਪਤਾ ਲਾਇਆ ਜਾ ਰਿਹਾ ਹੈ।
