ਟਾਵਰ ਦਾ 70 ਲੱਖ ਕਿਰਾਇਆ ਅਤੇ 33 ਹਜ਼ਾਰ ਤਨਖ਼ਾਹ ਦਾ ਝਾਂਸਾ ਦੇ ਮਾਰੀ ਲੱਖਾਂ ਰੁਪਏ ਦੀ ਠੱਗੀ
Thursday, Aug 06, 2026 - 07:15 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- ਅਣਜਾਣ ਨੰਬਰਾਂ ਤੋਂ ਫੋਨ ਕਾਲਾਂ ਅਤੇ ਹੋਰ ਢੰਗਾਂ ਨਾਲ ਹਰ ਰੋਜ਼ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਵੱਜਣ ਸਬੰਧੀ ਅਕਸਰ ਹੀ ਅਖ਼ਬਾਰਾਂ ਵਿਚ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ । ਇਸ ਤੋਂ ਇਲਾਵਾ ਪੁਲਸ ਅਤੇ ਸਾਈਬਰ ਕਰਾਈਮ ਅਧਿਕਾਰੀ ਸਮੇਂ ਸਮੇਂ ਲੋਕਾਂ ਨੂੰ ਅਜਿਹੀਆਂ ਫਰਾਡ ਕਾਲਾਂ ਅਤੇ ਨੰਬਰਾਂ ਤੇ ਗੱਲ ਕਰਨ ਅਤੇ ਕਿਸੇ ਨੂੰ ਓ ਟੀ ਪੀ ਸਮੇਤ ਕੋਈ ਜਾਣਕਾਰੀ ਨਾ ਦੇਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਪਰ ਇਸ ਦੇ ਬਾਵਜੂਦ ਵੀ ਕੋਈ ਨਾ ਕੋਈ ਵਿਅਕਤੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ।
ਤਾਜ਼ਾ ਮਾਮਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਦਾ ਹੈ। ਜਿਥੇ ਅਣਪਛਾਤੇ ਨੰਬਰ ਤੋਂ ਇਕ ਵਿਅਕਤੀ ਨੇ ਫੋਨ ਕਰਕੇ ਪਿੰਡ ਵਿਚ ਟਾਵਰ ਲਾਉਣ ਉਸਦਾ ਲੱਖਾਂ ਰੁਪਏ ਕਿਰਾਇਆ ਅਤੇ ਨੌਕਰੀ ਦੇਣ ਦਾ ਝਾਂਸਾ ਦੇਕੇ ਇਕ ਵਿਅਕਤੀ ਨਾਲ 5ਲੱਖ 34 ਹਜਾਰ ਦੀ ਠੱਗੀ ਮਾਰ ਲਈ। ਇਸ ਸਬੰਧੀ ਸਾਈਬਰ ਕਰਾਈਮ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਉਣੀ ਨੇ ਸਾਈਬਰ ਕਰਾਈਮ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ 1 ਅਪ੍ਰੈਲ 2026ਨੂੰ ਉਸਨੂੰ 8750003776 ਨੰਬਰ ਤੋਂ ਅਗਿਆਤ ਵਿਅਕਤੀ ਦਾ ਫੋਨ ਆਇਆ। ਜਿਸ ਨੇ ਗੱਲਾਂ ਬਾਤਾਂ ਵਿਚ ਉਲਝਾ ਲਿਆ ਅਤੇ ਕਿਹਾ ਕਿ ਤੁਹਾਡੇ ਕੋਲ ਪਿੰਡ ਵਿਚ ਜਗ੍ਹਾ ਹੈ ਤਾਂ ਉਸ ਉਪਰ ਟਾਵਰ ਲਾਉਣਾ ਹੈ। ਜਿਸ ਦਾ 20 ਸਾਲ ਦਾ ਐਗਰੀਮੈਂਟ ਅਤੇ 60 ਹਜਾਰ ਰੁਪਏ ਕਿਰਾਇਆ ਮਿਲੇਗਾ। ਕੁੱਲ 70 ਲੱਖ ਕਿਰਾਏ ਵਿਚੋਂ 30 ਲੱਖ ਰੁਪਏ ਟਾਵਰ ਲਾਉਣ ਤੋਂ ਪਹਿਲਾਂ ਅਤੇ 40 ਲੱਖ ਰੁਪਏ ਟਾਵਰ ਲੱਗ ਜਾਣ ਤੇ ਮਿਲਣਗੇ।
ਇਸ ਤੋਂ ਇਲਾਵਾ ਇਕ ਵਿਅਕਤੀ ਨੂੰ ਨੌਕਰੀ ਮਿਲੇਗੀ ਜਿਸ ਦੀ ਮਹੀਨਾ 33 ਹਜਾਰ ਰੁਪਏ ਤਨਖ਼ਾਹ ਹੋਵੇਗੀ। ਗੁਰਪ੍ਰੀਤ ਸਿੰਘ ਉਕਤ ਵਿਅਕਤੀ ਦੀਆਂ ਗੱਲਾਂ ਵਿਚ ਆ ਗਿਆ ਜਿਸ ਤੋਂ ਬਾਅਦ ਉਕਤ ਵਿਅਕਤੀ ਨੇ 24 ਅਪ੍ਰੈਲ 2026 ਤੋਂ ਲੈਕੇ 10 ਮਈ 2026 ਤੱਕ ਵੱਖ ਵੱਖ ਐਂਟਰੀਆਂ ਰਾਹੀਂ 5 ਲੱਖ 34 ਹਜਾਰ ਰੁਪਏ ਆਪਣੇ ਖਾਤਿਆਂ ਵਿਚ ਪਵਾ ਲਏ। ਜਿਸ ਤੋਂ ਬਾਅਦ ਉਸਨੂੰ ਟਾਵਰ ਸਬੰਧੀ ਕਾਗਜ ਭੇਜੇ ਜੋ ਨਕਲੀ ਸਨ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਵੱਜੀ ਹੈ। ਸਾਈਬਰ ਕਰਾਈਮ ਪੁਲਸ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਇਸ ਸ਼ਿਕਾਇਤ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
