ਬੀ. ਪੀ. ਐੱਲ. ਪਰਿਵਾਰ ਠੰਡ ''ਚ ਰਾਤਾਂ ਗੁਜ਼ਾਰਨ ਨੂੰ ਮਜਬੂਰ

12/31/2017 8:00:46 AM

ਫਗਵਾੜਾ, (ਰੁਪਿੰਦਰ ਕੌਰ)- ਬੀ. ਪੀ. ਐੱਲ. ਪਰਿਵਾਰਾਂ ਨੂੰ ਕੱਚੇ ਮਕਾਨ ਪੱਕੇ ਕਰਨ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਨਾਂ 'ਤੇ ਸ਼ੁਰੂ ਕੀਤੀ ਗਈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਬੀ. ਪੀ. ਐੱਲ. ਪਰਿਵਾਰਾਂ ਲਈ ਖੱਜਲ-ਖੁਆਰੀ ਅਤੇ ਮੁਸ਼ਕਲ ਦਾ ਸਬੱਬ ਬਣਦੀ ਦਿਖਾਈ ਦੇ ਰਹੀ ਹੈ। ਇਸ ਯੋਜਨਾ ਤਹਿਤ ਕਰੀਬ ਪੌਣੇ ਦੋ ਲੱਖ ਰੁਪਏ ਪ੍ਰਤੀ ਪਰਿਵਾਰ ਨੂੰ ਦਿੱਤੇ ਜਾਣੇ ਹਨ। ਯੋਜਨਾ ਦੇ ਨਾਂ 'ਤੇ ਬੇਸ਼ੱਕ ਪਹਿਲੀ ਕਿਸ਼ਤ ਜਾਰੀ ਕਰ ਕੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਪਰ ਲੈਂਟਰ ਪਾਉਣ ਸਮੇਂ ਦੂਸਰੀ ਕਿਸ਼ਤ ਜਾਰੀ ਨਾ ਹੋਣ ਨਾਲ ਇਹ ਪਰਿਵਾਰਾਂ ਨੂੰ ਠੰਡ ਦੇ ਮੌਸਮ ਵਿਚ ਖੁੱਲ੍ਹੇ ਆਸਮਾਨ ਹੇਠਾਂ ਰਾਤਾਂ ਗੁਜ਼ਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। 

PunjabKesari
ਕਰਜ਼ਾ ਚੁੱਕ ਕੇ ਪੁਆਇਆ ਲੈਂਟਰ 
ਪਿੰਡ ਬੋਹਾਨੀ ਦੇ ਸਰਪੰਚ ਪ੍ਰੀਤਮ ਦਾਸ ਦੀ ਹਾਜ਼ਰੀ ਵਿਚ ਪਿੰਡ ਦੇ ਚਾਰ ਬੀ. ਪੀ. ਐੱਲ. ਪਰਿਵਾਰਾਂ ਦੇ ਮੈਂਬਰਾਂ ਨੇ ਦੱਸਿਆ ਕਿ ਪਹਿਲੀ ਕਿਸ਼ਤ ਦੇ ਰੂਪ ਵਿਚ 30 ਹਜ਼ਾਰ ਰੁਪਏ ਮਹਿਕਮੇ ਵੱਲੋਂ ਦਿੱਤੇ ਗਏ ਸਨ, ਜਿਸ ਨਾਲ ਉਸਾਰੀ ਦਾ ਕੰਮ ਸ਼ੁਰੂ ਤਾਂ ਕਰਵਾ ਲਿਆ ਪਰ ਬਾਕੀ ਰਕਮ ਦੀ ਗ੍ਰਾਂਟ ਜਾਰੀ ਨਾ ਹੋਣ ਕਰ ਕੇ ਉਨ੍ਹਾਂ ਦੇ ਘਰਾਂ ਦਾ ਲੈਂਟਰ ਪਾਉਣ ਦਾ ਕੰਮ ਅਧੂਰਾ ਰਹਿ ਗਿਆ। ਸਰਦੀ ਦੇ ਮੌਸਮ ਵਿਚ ਖੱਜਲ-ਖੁਆਰੀ ਤੋਂ ਬਚਣ ਲਈ ਉਨ੍ਹਾਂ ਕਿਸੇ ਤਰ੍ਹਾਂ ਕਰਜ਼ਾ ਚੁੱਕ ਕੇ ਲੈਂਟਰ ਦਾ ਕੰਮ ਪੂਰਾ ਤਾਂ ਕਰਵਾ ਲਿਆ ਪਰ ਹੁਣ ਸਰਕਾਰ ਵੱਲੋਂ ਗ੍ਰਾਂਟ ਨਹੀਂ ਮਿਲ ਰਹੀ, ਜਿਸ ਕਰਕੇ ਕਰਜ਼ਾ ਉਤਾਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੀ. ਪੀ. ਐੱਲ. ਪਰਿਵਾਰਾਂ ਨੂੰ ਉਕਤ ਸਕੀਮ ਅਧੀਨ ਲੋੜੀਂਦੀ ਗ੍ਰਾਂਟ ਜਲਦੀ ਤੋਂ ਜਲਦੀ ਅਦਾ ਕਰਵਾਈ ਜਾਵੇ।
ਮੇਰੇ ਕੋਲ ਬੀ. ਡੀ. ਪੀ. ਓ. ਪਾਵਰ ਨਹੀਂ ਹੈ : ਐੱਸ. ਡੀ. ਐੱਮ. 
ਇਸ ਸਬੰਧੀ ਜਦੋਂ ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਜ਼ਿੰਮੇਵਾਰੀ ਬੀ. ਡੀ. ਪੀ. ਓ. ਫਗਵਾੜਾ ਦੀ ਹੈ ਹਰ ਮਹਿਕਮਾ ਆਪਣਾ-ਆਪਣਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਬੀ. ਡੀ. ਪੀ. ਓ. ਦੀ ਬਦਲੀ ਹੋ ਚੁੱਕੀ ਹੈ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਡਿਪਟੀ ਡਾਇਰੈਕਟਰ, ਚੰਡੀਗੜ੍ਹ ਹਾਈਕਮਾਨ ਨੇ ਕਿਸ ਨੂੰ ਆਰਡਰ ਦਿੱਤੇ ਹਨ, ਉਨ੍ਹਾਂ ਦਾ ਚਾਰਜ ਲੈਣ ਨੂੰ। ਸਾਡੀ ਸਰਕਾਰੀ ਮਹਿਕਮਾ ਬਦਲੀ ਦੇ ਆਰਡਰ ਤਾਂ ਦੇ ਦਿੰਦਾ ਹੈ ਪਰ ਉਨ੍ਹਾਂ ਦੀ ਜਗ੍ਹਾ ਕੰਮ ਕਰਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਦੇ ਜੂਨੀਅਰ ਗੱਲ ਨਹੀਂ ਸੁਣਦੇ ਪਰ ਪਿੰਡ ਵਾਸੀ ਆਪਣੀਆਂ ਸਮੱਸਿਆਵਾਂ ਲੈ ਕੇ ਕਿੱਥੇ ਜਾਣ। ਯਾਦ ਰਹੇ ਕਿ ਫਗਵਾੜਾ ਬੀ. ਡੀ. ਪੀ. ਓ. ਨੀਰਜ ਸ਼ਰਮਾ ਦੀ ਬਦਲੀ ਹੋਇਆਂ ਨੂੰ ਇਕ ਮਹੀਨਾ ਬੀਤ ਚੁੱਕਾ ਹੈ ਤੇ ਹਾਲੇ ਤੱਕ ਉਨ੍ਹਾਂ ਦੀ ਜਗ੍ਹਾ ਕੋਈ ਨਿਯੁਕਤੀ ਨਹੀਂ ਹੋਈ। 


Related News