ਦੇਸ਼ ਨੂੰ ਮਜਬੂਰ ਨਹੀਂ, ਮਜ਼ਬੂਤ ਲੀਡਰਸ਼ਿਪ ਦੀ ਲੋੜ : ਸ਼ਾਹ
Monday, Apr 29, 2024 - 08:02 PM (IST)
ਮਧੂਬਨੀ, (ਭਾਸ਼ਾ)– ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਕੋਲ ਅਗਲੇ 5 ਸਾਲਾਂ ਲਈ ਪ੍ਰਧਾਨ ਮੰਤਰੀ ਅਹੁਦੇ ਦਾ ਕੋਈ ਇਕ ਚਿਹਰਾ ਨਾ ਹੋਣ ਦਾ ਦੋਸ਼ ਲਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ‘ਦੇਸ਼ ਨੂੰ ਮਜਬੂਰ ਨਹੀਂ, ਸਗੋਂ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ।’
ਬਿਹਾਰ ਦੇ ਝੰਜਾਰਪੁਰ ਸੰਸਦੀ ਹਲਕੇ ’ਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਜਨਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੇ ਕਾਰਜਕਾਲ ਲਈ ਫਤਵਾ ਦਿੱਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਧੂਬਨੀ ਜ਼ਿਲੇ ਅਧੀਨ ਫੁਲਪਰਾਸ ਵਿਧਾਨ ਸਭਾ ਹਲਕਾ ਜਿਸ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੇ ਕੀਤੀ ਸੀ, ਦਾ ਸਨਮਾਨ ਕਾਂਗਰਸ ਤੇ ਰਾਜਦ ਦੀਆਂ ਸਰਕਾਰਾਂ ਨੇ ਨਹੀਂ ਕੀਤਾ ਪਰ ‘ਸਾਡੇ ਨੇਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ‘ਭਾਰਤ ਰਤਨ’ ਨਾਲ ਸਨਮਾਨਤ ਕਰ ਕੇ ਬਿਹਾਰ ਦੇ ਸਮੁੱਚੇ ਪੱਛੜੇ ਸਮਾਜ ਨੂੰ ਸਨਮਾਨ ਬਖਸ਼ਿਆ ਹੈ।’’
ਸ਼ਾਹ ਨੇ ਕਿਹਾ ਕਿ ਕਰਪੂਰੀ ਠਾਕੁਰ ਨੇ ਪੱਛੜੇ ਸਮਾਜ ’ਚੋਂ ਆਉਂਦੇ ਹੋਏ ਜੋ ਲੋਕਪ੍ਰਿਯਤਾ ਹਾਸਲ ਕੀਤੀ, ਉਹ ਅੱਜ ਵੀ ਕਈ ਲੋਕਾਂ ਦੀ ਈਰਖਾ ਦਾ ਕਾਰਨ ਬਣੀ ਹੋਈ ਹੈ।