ਭੋਗਪੁਰ ਕੈਸ਼ ਵੈਨ ਗ੍ਰਿਫਤਾਰੀ ਮਾਮਲੇ ''ਚ ਸਨਮਾਨਤ ਹੋਣਗੇ ਡੀ. ਐੱਸ. ਪੀ. ਤੇ ਐੱਸ. ਐੱਚ . ਓ. ਕੋਤਵਾਲੀ

11/21/2017 4:32:04 PM

ਕਪੂਰਥਲਾ (ਭੂਸ਼ਣ)— ਭੋਗਪੁਰ-ਆਦਮਪੁਰ ਮਾਰਗ 'ਤੇ ਬੀਤੇ 10 ਨਵੰਬਰ ਨੂੰ ਪਿਸਤੌਲ ਦੀ ਨੋਕ 'ਤੇ ਇਕ ਬੈਂਕ ਕੈਸ਼ ਵੈਨ ਤੋਂ 1.14 ਕਰੋੜ ਰੁਪਏ ਦੀ ਰਕਮ ਲੁੱਟਣ ਵਾਲੇ ਗੈਂਗ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਕੇ 10.80 ਲੱਖ ਰੁਪਏ ਦੀ ਰਕਮ ਬਰਾਮਦ ਕਰਨ ਦੇ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡੀ. ਐੱਸ. ਪੀ. ਸਬ-ਡਿਵੀਜ਼ਨ ਕਪੂਰਥਲਾ ਗੁਰਮੀਤ ਸਿੰਘ ਅਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੂੰ ਡੀ. ਜੀ. ਪੀ. ਡਿਸਕ ਦੇਣ ਲਈ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੂੰ ਲਿਖਿਆ ਹੈ। 
ਜ਼ਿਕਰਯੋਗ ਹੈ ਕਿ ਕੈਸ਼ ਵੈਨ ਲੁੱਟਣ ਦੇ ਮਾਮਲੇ ਵਿਚ ਲੋਂੜੀਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਫੜਨ ਲਈ ਸੂਬੇ ਦੀ ਸਾਰੇ ਥਾਣਿਆਂ ਦੀ ਪੁਲਸ ਬੀਤੇ ਕਈ ਦਿਨਾਂ ਤੋਂ ਸਰਗਰਮ ਸੀ, ਜਿਸ ਨੂੰ ਲੈ ਕੇ ਪੰਜਾਬ ਪੁਲਸ ਨੇ ਕਈ ਥਾਵਾਂ 'ਤੇ ਆਪਰੇਸ਼ਨ ਵੀ ਕੀਤੇ ਸਨ ਪਰ ਇਸ ਦੇ ਬਾਵਜੂਦ ਵੀ ਮੁਲਜ਼ਮ ਲੁਟੇਰੇ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਪਰ ਇਸ ਦੌਰਾਨ ਡੀ. ਐੱਸ. ਪੀ. ਸਬ-ਡਿਵੀਜ਼ਨ ਕਪੂਰਥਲਾ ਗੁਰਮੀਤ ਸਿੰਘ ਅਤੇ ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਇਕ ਸਫਲ ਪੁਲਸ ਆਪਰੇਸ਼ਨ ਨੂੰ ਅੰਜ਼ਾਮ ਦਿੰਦੇ ਹੋਏ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਉਸ ਦੇ ਇਕ ਸਾਥੀ ਨੂੰ 10.80 ਲੱਖ ਰੁਪਏ ਦੀ ਨਕਦੀ ਅਤੇ ਪਿਸਤੌਲ ਨਾਲ ਕਾਬੂ ਕਰ ਲਿਆ। 
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਵਧੀਆ ਭੂਮਿਕਾ ਨਿਭਾਉਣ ਵਾਲੇ ਡੀ. ਐੱਸ. ਪੀ. ਗੁਰਮੀਤ ਸਿੰਘ ਅਤੇ ਇੰਸਪੈਕਟਰ ਹਰਗੁਰਦੇਵ ਸਿੰਘ ਦੇ ਨਾਲ-ਨਾਲ ਪੂਰੀ ਟੀਮ ਨੂੰ ਸਨਮਾਨਤ ਕੀਤਾ ਜਾਵੇਗਾ।  


Related News