ਧੋਨੀ ਸੀ. ਐੱਸ. ਕੇ. ਪਰਿਵਾਰ ਦਾ ਹਿੱਸਾ ਜਾਂ ਮੈਂਟੋਰ ਨਹੀਂ ਰਹੇਗਾ ਤਾਂ ਮੈਨੂੰ ਹੈਰਾਨੀ ਹੋਵੇਗੀ : ਹੈਡਿਨ

Sunday, May 19, 2024 - 08:19 PM (IST)

ਧੋਨੀ ਸੀ. ਐੱਸ. ਕੇ. ਪਰਿਵਾਰ ਦਾ ਹਿੱਸਾ ਜਾਂ ਮੈਂਟੋਰ ਨਹੀਂ ਰਹੇਗਾ ਤਾਂ ਮੈਨੂੰ ਹੈਰਾਨੀ ਹੋਵੇਗੀ : ਹੈਡਿਨ

ਨਵੀਂ ਦਿੱਲੀ,  (ਭਾਸ਼ਾ)– ਆਸਟ੍ਰੇਲੀਆ ਦੇ ਸਾਬਕਾ ਧਾਕੜ ਮੈਥਿਊ ਹੈਡਿਨ ਦਾ ਮੰਨਣਾ ਹੈ ਕਿ ਚਮਤਕਾਰੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣਾ ਆਖਰੀ ਮੈਚ ਖੇਡ ਲਿਆ ਹੈ ਪਰ ਉਹ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਨਾਲ ਕਿਸੇ ਭੂਮਿਕਾ ਵਿਚ ਜੁੜਿਆ ਰਹੇਗਾ। ਸੀ. ਐੱਸ. ਕੇ. ਦਾ ਇਸ ਆਈ. ਪੀ. ਐੱਲ. ਵਿਚ ਸ਼ੁੱਕਰਵਾਰ ਨੂੰ ਆਪਣੇ ਆਖਰੀ ਲੀਗ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਹੱਥੋਂ ਹਾਰ ਤੋਂ ਬਾਅਦ ਸਫਰ ਖਤਮ ਹੋ ਗਿਆ। ਇਸ ਮੈਚ ਵਿਚ ਧੋਨੀ ਨੇ 13 ਗੇਂਦਾਂ ਵਿਚ 25 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਉਹ ਟੀਮ ਨੂੰ ਪਲੇਅ ਆਫ ਵਿਚ ਪਹੁੰਚਾਉਣ ਲਈ ਕਾਫੀ ਨਹੀਂ ਸੀ। 

ਜਿੱਤ ਲਈ 219 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਨੂੰ ਪਲੇਅ ਆਫ ਵਿਚ ਪਹੁੰਚਣ ਲਈ 201 ਦੌੜਾਂ ਦੀ ਲੋੜ ਸੀ ਪਰ ਟੀਮ 7 ਵਿਕਟਾਂ ’ਤੇ 191 ਦੌੜਾਂ ਹੀ ਬਣਾ ਸਕੀ। ਆਖਰੀ ਓਵਰ ਦੌਰਾਨ ਆਖਰੀ-4 ਵਿਚ ਪਹੁੰਚਣ ਲਈ ਟੀਮ ਨੂੰ 17 ਦੌੜਾਂ ਦੀ ਲੋੜ ਸੀ। ਧੋਨੀ ਨੇ ਯਸ਼ ਦਿਆਲ ਦੀ ਗੇਂਦ ’ਤੇ ਇਸ ਸੈਸ਼ਨ ਦਾ ਸਭ ਤੋਂ ਲੰਬਾ 110 ਮੀਟਰ ਦਾ ਛੱਕਾ ਲਾ ਕੇ ਚੇਨਈ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਸਨ ਪਰ ਉਹ ਅਗਲੀ ਗੇਂਦ ’ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਟੀਮ ਚਾਰ ਗੇਂਦਾਂ ਵਿਚ ਸਿਰਫ ਇਕ ਦੌੜ ਹੀ ਬਣਾ ਸਕੀ।

ਧੋਨੀ ਨੇ ਮੌਜੂਦਾ ਸੈਸ਼ਨ ਵਿਚ 220.55 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ ਤੇ 53.67 ਦੀ ਔਸਤ ਨਾਲ 161 ਦੌੜਾਂ ਬਣਾਈਆਂ। ਉਹ ਹੁਣ ਤਕ ਇਸ ਆਈ. ਪੀ. ਐੱਲ. ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਰਿਹਾ ਹੈ ਤੇ ਹਰ ਮੈਦਾਨ ਵਿਚ ਵੱਡੀ ਗਿਣਤੀ ਵਿਚ ਉਸਦੇ ਪ੍ਰਸ਼ੰਸਕ ਪਹੁੰਚ ਰਹੇ ਸਨ। ਚੇਨਈ ਸੁਪਰ ਕਿੰਗਜ਼ ਲਈ ਆਈ. ਪੀ. ਐੱਲ. ਵਿਚ ਖੇਡ ਚੁ੍ਰਕੇ ਸਾਬਕਾ ਸਲਾਮੀ ਬੱਲੇਬਾਜ਼ ਹੈਡਿਨ ਨੇ ਕਿਹਾ ਕਿ ਧੋਨੀ ਅਗਲੇ ਸੈਸ਼ਨ ਵਿਚ ਜੇਕਰ ਸੀ. ਐੱਸ. ਕੇ. ਦਾ ਹਿੱਸਾ ਜਾਂ ਮੈਂਟੋਰ ਨਹੀਂ ਹੋਵੇਗਾ ਤਾਂ ਉਸ ਨੂੰ ਕਾਫੀ ਹੈਰਾਨੀ ਹੋਵੇਗੀ।

ਹੈਡਿਨ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਧੋਨੀ ਨੇ ਆਪਣਾ ਆਖਰੀ ਮੈਚ ਖੇਡ ਲਿਆ ਹੈ। ਅਜਿਹਾ ਨਹੀਂ ਹੈ ਕਿ ਅਸੀਂ ਆਈ. ਪੀ.ਐੱਲ. ਵਿਚ ਧੋਨੀ ਨੂੰ ਆਖਰੀ ਵਾਰ ਦੇਖ ਰਹੇ ਹਾਂ। ਮੈਨੂੰ ਬਹੁਤ ਹੈਰਾਨੀ ਹੋਵੇਗੀ ਜੇਕਰ ਉਹ ਅਧਿਕਾਰਤ ਸਮਰੱਥਾ ਵਿਚ ਸੀ. ਐੱਸ. ਕੇ. ਪਰਿਵਾਰ ਦਾ ਮਾਰਗਦਰਸ਼ਨ ਨਹੀਂ ਕਰੇਗਾ ਜਾਂ ਉਸਦਾ ਹਿੱਸਾ ਨਹੀਂ ਬਣੇਗਾ।’’ ਉਸ ਨੇ ਕਿਹਾ,‘‘ਜਦੋਂ ਤੁਸੀਂ ਕਿਸੇ ਦੇ ਕਰੀਅਰ ਦਾ ਅੰਤ ਹੁੰਦਾ ਦੇਖ ਰਹੇ ਹੁੰਦੇ ਹੋ ਤਾਂ ਤੁਸੀਂ ਇਹ ਨਹੀਂ ਚਾਹੁੰਦੇ ਕਿ ਉਸ ਖਿਡਾਰੀ ਨੂੰ ਅਸਫਲਤਾ ਦੇ ਨਾਲ ਵਿਦਾਈ ਮਿਲੇ।’’


author

Tarsem Singh

Content Editor

Related News