ਪੰਜਾਬ ''ਚ ਵੱਡੀ ਠੱਗੀ, ਸਿਵਲ ਹਸਪਤਾਲ ਦੇ SMO ਨਾਲ ਹੋਈ ਘਟਨਾ ਜਾਣ ਉੱਡਣਗੇ ਹੋਸ਼
Thursday, Apr 25, 2024 - 06:36 PM (IST)
ਗੜ੍ਹਸ਼ੰਕਰ (ਭਾਰਦਵਾਜ)- ਜਦੋਂ ਦੇ ਲੋਕ ਕਿਤਾਬਾਂ ਨੂੰ ਛੱਡ ਇੰਟਰਨੈੱਟ 'ਤੇ ਸਮਾਂ ਗੁਜਾਰਨ ਲੱਗੇ ਹਨ ਅਤੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਠੱਗੀ ਦਾ ਸ਼ਿਕਾਰ ਬਣ ਜਾਂਦੇ ਹਨ। ਇਹੋ ਜਿਹਾ ਹੀ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਰਕਾਰੀ ਹਸਪਤਾਲ ਵਿੱਚ ਐੱਸ. ਐੱਮ. ਓ. 49 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਥਾਣਾ ਗੜ੍ਹਸ਼ੰਕਰ ਪੁਲਸ ਨੇ ਐੱਸ. ਐੱਮ. ਓ. ਪੋਸੀ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਠੱਗਾਂ ਖ਼ਿਲਾਫ਼ 49 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ, ਉੱਥੇ ਹੀ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡਾ. ਰੁਘਵੀਰ ਸਿੰਘ ਪੰਜਾਬ ਰਾਜ ਸਿਹਤ ਵਿਭਾਗ ਸੀਨੀਅਰ ਮੈਡੀਕਲ ਅਫ਼ਸਰ ਪੋਸੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਸੀ ਕਿ 19 ਅਪ੍ਰੈਲ ਨੂੰ ਕਰੀਬ ਪੌਣੇ ਦੋ ਵਜੇ ਉਸ ਦੇ ਮੋਬਾਇਲ ਫੋਨ 'ਤੇ ਇਕ ਵਿਅਕਤੀ ਨੇ 92326-72445 ਨੰਬਰ ਤੋਂ ਫੋਨ ਕਰਕੇ ਕਿਹਾ ਕਿ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਵਿਖੇ ਕਸਟਮ ਮਹਿਕਮੇ ਦਾ ਅਫ਼ਸਰ ਬੋਲ ਰਿਹਾ ਹੈ। ਉਸ ਨੇ ਕਿਹਾ ਕਿ ਤੁਹਾਡੇ ਨਾਂ ਦਾ ਇਕ ਪਾਰਸਲ ਬੁੱਕ ਕੀਤਾ ਗਿਆ ਸੀ, ਮਿਲਿਆ ਹੈ, ਜਿਸ ਵਿੱਚ 16 ਪਾਸਪੋਰਟ, 57-58 ਏ. ਟੀ. ਐੱਮ. ਅਤੇ ਨਸ਼ੀਲੇ ਪਦਾਰਥ ਹਨ। ਫੋਨ ਕਰਨ ਵਾਲੇ ਨੇ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਖ਼ਿਲਾਫ਼ ਥਾਣਾ ਬਸੰਤ ਕੁੰਜ ਨਵੀਂ ਦਿੱਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਡਾ. ਰੁਘਵੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਵਿਅਕਤੀ ਨੇ ਫੋਨ ਕਾਲ ਸੁਨੀਲ ਕੁਮਾਰ ਨਾਮ ਦੇ ਬੰਦੇ ਨਾਲ ਕੁਨੈਕਟ ਕਰ ਦਿੱਤੀ ਅਤੇ ਸੁਨੀਲ ਕੁਮਾਰ ਨੇ ਆਪਣੇ ਆਪ ਨੂੰ ਹੈੱਡ ਕਾਂਸਟੇਬਲ ਦੱਸਦਿਆਂ ਕਿਹਾ ਕਿ ਉਸ ਦੇ ਖ਼ਿਲਾਫ਼ ਬਸੰਤ ਕੂੰਜ ਥਾਣੇ ਚ ਮਨੀ ਲਾਂਡਰਿੰਗ ਐਕਟ ਅਤੇ ਮਨੁੱਖੀ ਤਸਕਰੀ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਧਮਕੀ ਦਿੱਤੀ ਕਿ ਇਹ ਕੇਸ ਸੀ. ਬੀ. ਆਈ. ਵੇਖ ਰਹੀ ਹੈ। ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਸੀ. ਬੀ. ਆਈ. ਦੇ ਮੁੱਖ ਜਾਂਚ ਕਰਤਾ ਅਨਿਲ ਯਾਦਵ ਇਸ ਕੇਸ ਨੂੰ ਵੇਖ ਰਹੇ ਹਨ ਅਤੇ ਉਸ ਦਾ ਮੋਬਾਇਲ ਫੋਨ ਨੰਬਰ ਵੀ ਦਿੱਤਾ। ਪੀੜਤ ਡਾ. ਰੁਘਵੀਰ ਸਿੰਘ ਨੇ ਕਿਹਾ ਕਿ ਫੋਨ ਕਰਨ ਵਾਲਿਆਂ ਨੇ ਧਮਕਾਉਂਦੇ ਹੋਏ ਕਿਹਾ ਕਿ ਇਸ ਕੇਸ ਵਿੱਚ ਤੁਹਾਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ਵਿਚੋਂ ਗੈਰ ਜ਼ਮਾਨਤੀ ਹਾਸਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪਹਿਲਾਂ ਪੁੱਛਿਆ ਰਾਹ, ਫਿਰ ਕੁੜੀ ਨਾਲ ਕਰ ਗਏ ਵੱਡਾ ਕਾਂਡ, ਕੈਮਰੇ 'ਚ ਕੈਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼
ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਸਾਰੇ ਬੈਂਕ ਖਾਤਿਆਂ ਦੇ ਨੰਬਰ ਵੀ ਦੱਸੇ ਸਨ, ਜਿਸ ਦੀ ਉਸ ਨੂੰ ਕਾਫ਼ੀ ਹੈਰਾਨੀ ਹੋਈ। ਡਾ. ਰੁਘਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਧਮਕਾਇਆ ਗਿਆ ਕਿ ਉਸ ਦੀ ਸਾਰੀ ਜਾਇਦਾਦ ਸੀ. ਬੀ. ਆਈ. ਵੱਲੋਂ ਜ਼ਬਤ ਕਰ ਲਈ ਜਾਵੇਗੀ ਅਤੇ ਤੁਹਾਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡਾ. ਰੁਘਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਿਹਾ ਕਿ ਜੇਕਰ ਉਹ ਅਪਣੇ ਖਾਤੇ ਵਿਚ ਪਈ ਰਕਮ ਦੇਵੇਗਾ ਤਾਂ ਉਹ ਕੇਸ ਨੂੰ ਕੁਝ ਸਮੇਂ ਲਈ ਲੇਟ ਅਤੇ ਬਾਅਦ ਵਿੱਚ ਬੰਦ ਕਰ ਦੇਣਗੇ ਅਤੇ ਉਸ ਦੀ ਰਕਮ ਵਿਆਜ ਸਮੇਤ ਵਾਪਸ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਰਸਿੰਗ ਦੀ ਪੜ੍ਹਾਈ ਕਰ ਰਹੇ 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ
ਡਾ. ਰੁਘਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਦਿੱਤੇ ਖਾਤਿਆਂ ਵਿੱਚ 20 ਅਪ੍ਰੈਲ ਨੂੰ 35 ਲੱਖ ਰੁਪਏ, 2 ਲੱਖ ਰੁਪਏ ਅਤੇ ਇਸੇ ਦਿਨ 12 ਲੱਖ ਰੁਪਏ ਦੀ ਰਕਮ ਚੈੱਕ ਰਾਹੀਂ ਟਰਾਂਸਫਰ ਕਰ ਦਿੱਤੀ। ਡਾ. ਰੁਘਵੀਰ ਸਿੰਘ ਨੇ ਕਿਹਾ ਕਿ ਉਸ ਨੇ ਅਪਣੇ ਘਰਵਾਲਿਆਂ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਮੈਨੂੰ ਕਿਹਾ ਕਿ ਤੁਹਾਡੇ ਨਾਲ ਸਾਜਿਸ਼ ਅਧੀਨ ਫਰਾਡ ਹੋਇਆ ਹੈ। ਉਨ੍ਹਾਂ ਪੁਲਸ ਨੂੰ ਫ਼ਰਿਆਦ ਕੀਤੀ ਕਿ ਘਪਲੇਬਾਜ਼ਾਂ ਨੇ ਧੋਖਾਧੜੀ ਅਤੇ ਬੇਈਮਾਨੀ ਨਾਲ ਉਪਰੋਕਤ ਰਕਮ ਨੂੰ ਜਾਣਬੁੱਝ ਕੇ ਉਕਤ ਖਾਤਿਆਂ ਵਿੱਚ ਟਰਾਂਸਫਰ ਕਰਨ ਲਈ ਉਕਸਾਇਆ ਅਤੇ ਮੈਨੂੰ ਵਿੱਤੀ ਅਤੇ ਨੈਤਿਕ ਤੌਰ ''ਤੇ ਨੁਕਸਾਨ ਪਹੁੰਚਾਇਆ ਹੈ। ਇਸ ਲਈ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਡਾ. ਰੁਘਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀਆਂ ਵੱਲੋਂ ਸਾਰੀ ਗੱਲਬਾਤ ਵਟਸਐਪ 'ਤੇ ਕੀਤੀ ਗਈ ਸੀ। ਗੜ੍ਹਸ਼ੰਕਰ ਪੁਲਸ ਵੱਲੋਂ ਡਾ. ਰੁਘਵੀਰ ਸਿੰਘ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਅਣਪਛਾਤੇ ਠੱਗਾਂ ਖ਼ਿਲਾਫ਼ ਧਾਰਾ 419, 420, ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8