ਸੂਆ ਟੁੱਟਣ ਨਾਲ ਖੇਤਾਂ ''ਚ ਵੜਿਆ ਪਾਣੀ, ਝੋਨੇ ਦੀ ਫਸਲ ਡੁੱਬੀ; ਕਿਸਾਨਾਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ
Tuesday, Jun 16, 2026 - 03:38 PM (IST)
ਭਵਾਨੀਗੜ੍ਹ (ਵਿਕਾਸ, ਕਾਂਸਲ)- ਕਾਲਾਝਾੜ ਵਿਖੇ ਇਕ ਸੂਏ ’ਚ ਪਾੜ ਪੈ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਅਨੁਸਾਰ ਸੂਆ ਟੁੱਟਣ ਨਾਲ ਕਰੀਬ 20 ਏਕੜ ਰਕਬੇ ’ਚ ਪਾਣੀ ਭਰ ਗਿਆ, ਜਿਸ ਕਾਰਨ 5 ਤੋਂ 7 ਏਕੜ ਝੋਨੇ ਦੀ ਫਸਲ ਪ੍ਰਭਾਵਿਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਅਵਤਾਰ ਸਿੰਘ ਦੀ ਚਾਰ ਵਿਘੇ ਜ਼ਮੀਨ ਕਾਫ਼ੀ ਸਮੇਂ ਤੋਂ ਨਹਿਰੀ ਮਹਿਕਮੇ ਦੇ ਕਬਜ਼ੇ ਹੇਠ ਹੈ ਜਿਸ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਥਾਨ ’ਤੇ ਸੂਏ ਦੀ ਮਜ਼ਬੂਤੀ ਵੱਲ ਯੋਗ ਧਿਆਨ ਨਾ ਦਿੱਤੇ ਜਾਣ ਅਤੇ ਪਾਣੀ ਦੇ ਲਗਾਤਾਰ ਵਹਾਅ ਕਾਰਨ ਸੂਏ ’ਚ ਪਾੜ ਪੈ ਗਿਆ। ਕਿਸਾਨਾਂ ਨੇ ਸਵੇਰੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਪਾਣੀ ਤੇਜ਼ੀ ਨਾਲ ਖੇਤਾਂ ’ਚ ਦਾਖਲ ਹੋ ਰਿਹਾ ਸੀ ਜਿਸ ਨਾਲ ਝੋਨੇ ਦੀ ਲਵਾਈ ਕਰ ਰਹੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਕਿਸਾਨ ਹਰਦੀਪ ਸਿੰਘ ਵਾਸੀ ਚੰਨੋ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ 5 ਏਕੜ ’ਚ ਝੋਨਾ ਲਾਇਆ ਸੀ ਜੋ ਪਾਣੀ ’ਚ ਡੁੱਬ ਗਿਆ। ਉਸ ਨੇ ਕਿਹਾ ਕਿ ਉਸ ਦੀ ਜ਼ਮੀਨ ਨੀਵੀਂ ਹੋਣ ਕਰ ਕੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਇਸੇ ਦੌਰਾਨ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਕਰੀਬ 70 ਸਾਲਾਂ ਤੋਂ ਉਸ ਦੀ ਜ਼ਮੀਨ ਨਹਿਰੀ ਮਹਿਕਮੇ ਵੱਲੋਂ ਵਰਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਡਿਪਟੀ ਕਮਿਸ਼ਨਰ, ਐੱਸ.ਡੀ.ਐੱਮ. ਸਮੇਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਹਲਕਾ ਵਿਧਾਇਕਾ ਕੋਲ ਵੀ ਮਾਮਲਾ ਉਠਾਇਆ ਗਿਆ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਇਸ ਮੌਕੇ ਕਿਸਾਨਾਂ ਨੇ ਸੂਏ ’ਚ ਵੱਡੀ ਪੱਧਰ ’ਤੇ ਜਮ੍ਹਾ ਹੋਈ ਗੰਦਗੀ ਅਤੇ ਮਲਬੇ ਦੇ ਢੇਰ ਵੀ ਦਿਖਾਏ। ਇਸ ਦੌਰਾਨ ਕਿਸਾਨਾਂ ਨੇ ਸਬੰਧਤ ਪ੍ਰਸ਼ਾਸਨ ਤੇ ਹਲਕਾ ਵਿਧਾਇਕਾ ਖਿਲਾਫ ਨਾਅਰੇਬਾਜ਼ੀ ਕਰਦਿਆਂ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ।
ਉੱਧਰ, ਨਹਿਰੀ ਵਿਭਾਗ ਦੇ ਜੇ. ਈ. ਰਾਜਿੰਦਰ ਸਿੰਘ ਨੇ ਕਿਹਾ ਕਿ ਸੂਏ ’ਚ ਪਾੜ ਪੈਣ ਦੀ ਸੂਚਨਾ ਮਿਲਦੇ ਹੀ ਵਿਭਾਗ ਵੱਲੋਂ ਪਾਣੀ ਦਾ ਵਹਾਅ ਘਟਾ ਦਿੱਤਾ ਗਿਆ ਹੈ ਤੇ ਜਲਦੀ ਹੀ ਪਾੜ ਨੂੰ ਪੂਰ ਕੇ ਹਾਲਾਤ ਨੂੰ ਸਧਾਰਨ ਕਰ ਦਿੱਤਾ ਜਾਵੇਗਾ।
