ਟਿੱਪਰ ਦੀ ਲਪੇਟ ’ਚ ਆਉਣ ਕਾਰਨ ਡਿਵਾਈਡਰ ’ਤੇ ਪੇਂਟ ਕਰ ਰਹੇ 3 ਕਾਰੀਗਰ ਗੰਭੀਰ ਜ਼ਖਮੀ, ਤੀਜੇ ਦੀ ਲੱਤ ਟੁੱਟੀ

Monday, Nov 02, 2026 - 11:59 PM (IST)

ਟਿੱਪਰ ਦੀ ਲਪੇਟ ’ਚ ਆਉਣ ਕਾਰਨ ਡਿਵਾਈਡਰ ’ਤੇ ਪੇਂਟ ਕਰ ਰਹੇ 3 ਕਾਰੀਗਰ ਗੰਭੀਰ ਜ਼ਖਮੀ, ਤੀਜੇ ਦੀ ਲੱਤ ਟੁੱਟੀ

ਭਵਾਨੀਗੜ੍ਹ (ਕਾਂਸਲ) : ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪਿੰਡ ਰਾਮਪੁਰਾ ਨੂੰ ਜਾਂਦੀ ਸੜਕ ਨੇੜੇ ਡਿਵਾਈਡਰ ’ਤੇ ਪੇਂਟ ਕਰਨ ਦਾ ਕੰਮ ਕਰ ਰਹੇ ਤਿੰਨ ਕਾਰੀਗਰ ਇੱਕ ਬੇਕਾਬੂ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਪੇਂਟ ਦੇ ਸਾਮਾਨ ਨਾਲ ਭਰੀ ਪਿਕਅੱਪ ਗੱਡੀ ਵੀ ਨੁਕਸਾਨੀ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਸਥਾਨਕ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟੋਲ ਪਲਾਜ਼ਾ ਪ੍ਰਬੰਧਕਾਂ ਵੱਲੋਂ ਸੰਗਰੂਰ-ਪਟਿਆਲਾ ਮੁੱਖ ਸੜਕ ਦੇ ਡਿਵਾਈਡਰ ’ਤੇ ਪੇਂਟ ਕਰਵਾਇਆ ਜਾ ਰਿਹਾ ਸੀ। ਇਸ ਕੰਮ ਵਿੱਚ ਲੱਗੇ ਕਾਰੀਗਰਾਂ ਦੀ ਪੇਂਟ ਦੇ ਸਾਮਾਨ ਵਾਲੀ ਪਿਕਅੱਪ ਗੱਡੀ ਸੜਕ ਕਿਨਾਰੇ ਖੜ੍ਹੀ ਸੀ। ਇਸ ਦੌਰਾਨ ਸੰਗਰੂਰ ਵਾਲੇ ਪਾਸਿਓਂ ਭਵਾਨੀਗੜ੍ਹ ਵੱਲ ਆ ਰਿਹਾ ਇੱਕ ਟਿੱਪਰ ਬੇਕਾਬੂ ਹੋ ਕੇ ਖੜ੍ਹੀ ਪਿਕਅੱਪ ਗੱਡੀ ਨਾਲ ਟਕਰਾ ਗਿਆ। ਇਸ ਹਾਦਸੇ ਦੌਰਾਨ ਤਿੰਨ ਕਾਰੀਗਰ ਟਿੱਪਰ ਅਤੇ ਪਿਕਅੱਪ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਥਾਨਕ ਸਰਕਾਰੀ ਹਸਪਤਾਲ ਦੇ ਡਾਕਟਰ ਜਸਨਦੀਪ ਸਿੰਘ ਨੇ ਦੱਸਿਆ ਕਿ ਨਿੱਜੀ ਐਂਬੂਲੈਂਸ ਰਾਹੀਂ ਰੋਹਿਤ, ਆਕਾਸ਼ ਅਤੇ ਰਵੀ ਨਾਂ ਦੇ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚੋਂ ਰੋਹਿਤ ਅਤੇ ਆਕਾਸ਼ ਦੇ ਢਿੱਡ ਉੱਪਰੋਂ ਵਾਹਨ ਲੰਘਣ ਕਾਰਨ ਗੰਭੀਰ ਸੱਟਾਂ ਲੱਗੀਆਂ ਸਨ, ਜਦਕਿ ਰਵੀ ਦੀ ਇੱਕ ਲੱਤ ਟੁੱਟ ਗਈ ਸੀ। ਤਿੰਨਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਹੋਰ ਵਿਅਕਤੀ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਹਸਪਤਾਲ ਲੈ ਕੇ ਆਈ ਸੀ, ਜਿਸ ਦੀ ਹਾਲਤ ਸਥਿਰ ਸੀ ਅਤੇ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਸੀ।

 


author

Sandeep Kumar

Content Editor

Related News