ਪੰਜਾਬ ਦੀ ਜਵਾਨੀ ਨੂੰ ਸਿੱਖੀ ਨਾਲ ਜੋੜ ਕੇ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਲੋੜ: ਜਥੇਦਾਰ ਧਨੋਲਾ
Tuesday, Oct 20, 2026 - 04:32 PM (IST)
ਤਪਾ ਮੰਡੀ (ਸ਼ਾਮ ਗਰਗ)— ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੋਲਾ ਨੇ ਗੁਰਦੁਆਰਾ ਸੰਤ ਅਤਰ ਸਿੰਘ ਘੁੰਨਸ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਪ੍ਰਚਲਨ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿੱਖੀ ਨਾਲ ਜੋੜਨਾ, ਅੰਮ੍ਰਿਤ ਛਕਣ ਲਈ ਪ੍ਰੇਰਿਤ ਕਰਨਾ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੰਦੇਸ਼ ਘਰ-ਘਰ ਪਹੁੰਚਾਉਣਾ ਬਹੁਤ ਜ਼ਰੂਰੀ ਹੈ।
ਬਾਬਾ ਟੇਕ ਸਿੰਘ ਧਨੌਲਾ ਨੇ ਸੰਤ ਅਤਰ ਸਿੰਘ ਮਸਤੂਆਣਾ,ਘੁੰਨਸ ਦੇ ਜੀਵਨ ਅਤੇ ਸਿੱਖੀ ਦੇ ਪ੍ਰਚਾਰ ਲਈ ਪਾਏ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਅਹਿਮ ਉਪਰਾਲੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਵੀ ਨੌਜਵਾਨਾਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਧਾਰਮਿਕ ਸੰਸਥਾਵਾਂ ਅਤੇ ਪਰਿਵਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਮੀਰੀ-ਪੀਰੀ ਖਾਲਸਾ ਮਾਰਚ ਰਾਹੀਂ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕਈ ਪਿੰਡਾਂ ਵਿੱਚ ਮਾਵਾਂ ਆਪਣੇ ਪੁੱਤਰਾਂ ਦੇ ਨਸ਼ਿਆਂ ਵਿੱਚ ਫਸਣ ਕਾਰਨ ਰੋ-ਰੋ ਕੇ ਆਪਣਾ ਦਰਦ ਬਿਆਨ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਮਾਵਾਂ ਦੇ ਹੰਝੂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਪਸੀ ਮਤਭੇਦ ਭੁਲਾ ਕੇ ਇਕ ਮੰਚ ’ਤੇ ਇਕੱਠੀਆਂ ਹੋਣ ਅਤੇ ਨਸ਼ਿਆਂ ਵਿਰੁੱਧ ਸਾਂਝਾ ਸੰਘਰਸ਼ ਕਰਨ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਸੰਗਤ ਅਤੇ ਗਤੀਵਿਧੀਆਂ ਵੱਲ ਧਿਆਨ ਦੇਣ ਲਈ ਕਿਹਾ।
ਇਸ ਮੌਕੇ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਉਣਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ। ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਸਬੰਧੀ ਸ਼ਹੀਦ ਦਾ ਦਰਜਾ ਦੇਣ ਅਤੇ ਅਜਾਇਬ ਘਰ ਵਿੱਚ ਉਨ੍ਹਾਂ ਦੀ ਤਸਵੀਰ ਲਗਾਉਣ ਬਾਰੇ ਗੱਲ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਧਾਰਮਿਕ ਜਾਗਰੂਕਤਾ, ਸਮਾਜਿਕ ਇਕਜੁੱਟਤਾ ਅਤੇ ਨਸ਼ਿਆਂ ਵਿਰੁੱਧ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਹਾਕਮ ਸਿੰਘ ਗੰਢਾ ਸਿੰਘ ਵਾਲਾ, ਜੱਥੇਦਾਰ ਸਾਧੂ ਸਿੰਘ ਧਾਲੀਵਾਲ ਵੀ ਹਾਜ਼ਰ ਸਨ।
